‘ਲੋਕ ਗੰਦਾ ਪਾਣੀ ਪੀਣ ਲਈ ਮਜਬੂਰ, 'ਆਪ' ਕਰ ਰਹੀ ਸਿਆਸਤ’: ਅਕਾਲੀ ਕੌਂਸਲਰ ਧੰਮੂ
ਨਗਰ ਨਿਗਮ ਵੱਲੋਂ ਪੁਰਾਣੀਆਂ ਪਾਈਪਾਂ ਦੀ ਬਦਲੀ ਦਾ ਕੰਮ ਜਾਰੀ: ਮੇਅਰ
ਮੋਗਾ ਨਗਰ ਨਿਗਮ ਦੇ ਵਾਰਡ ਨੰਬਰ 19 ਦੇ ਅਕਾਲੀ ਕੌਂਸਲਰ ਨੇ 'ਆਪ' ਦੀ ਅਗਵਾਈ ਹੇਠਲੇ ਨਿਗਮ ਹਾਊਸ ਉੱਤੇ ਪੀਣ ਵਾਲੇ ਪਾਣੀ ’ਤੇ ਵੀ ਸਿਆਸਤ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਕੌਂਸਲਰ ਮਨਜੀਤ ਸਿੰਘ ਧੰਮੂ ਵੱਲੋਂ ਨਿਗਮ ਹਾਊਸ ਵਿੱਚ ਆਪਣੇ ਵਾਰਡ ਦੀ ਆਰੀਆ ਬਸਤੀ ਵਿੱਚ ਸੀਵਰੇਜ ਦੇ ਨਾਕਸ ਪ੍ਰਬੰਧਾਂ ਅਤੇ ਪੀਣ ਵਾਲੇ ਦੂਸ਼ਿਤ ਪਾਣੀ ਦਾ ਮਾਮਲਾ ਉਠਾਉਂਦੇ ਹੋਏ ਸੱਤਾਧਾਰੀ ਪਾਰਟੀ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ।
ਅਕਾਲੀ ਕੌਂਸਲਰ ਮੁਤਾਬਕ ਲੰਘੇ ਛੇ ਮਹੀਨਿਆਂ ਤੋਂ ਉਨ੍ਹਾਂ ਦੇ ਵਾਰਡ ਦੀ ਇਸ ਗਰੀਬ ਬਸਤੀ ਵਿੱਚ ਲੋਕ ਸੀਵਰੇਜ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਹਾਊਸ ਵਿੱਚ ਦੋਸ਼ ਲਗਾਇਆ ਕਿ ਮੋਗਾ ਦੇ ਵਿਧਾਇਕ ਦੇ ਇਸ਼ਾਰੇ ਉੱਤੇ ਵਿਰੋਧੀ ਕੌਂਸਲਰਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ।
ਉਨ੍ਹਾਂ ਹਾਊਸ ਵਿੱਚ ਦੱਸਿਆ ਕਿ ਉਹ ਛੇ ਮਹੀਨਿਆਂ ਵਿੱਚ ਅਨੇਕਾਂ ਵਾਰ ਨਿਗਮ ਅਧਿਕਾਰੀਆਂ ਅਤੇ ਉੱਚ ਪੱਧਰ ਉੱਤੇ ਉਕਤ ਮਾਮਲੇ ਨੂੰ ਲੈ ਕੇ ਲਿਖਤੀ ਸ਼ਿਕਾਇਤਾਂ ਭੇਜ ਚੁੱਕੇ ਹਨ, ਪਰ ਮਾਮਲੇ ਦੇ ਹੱਲ ਲਈ ਕੋਈ ਵੀ ਜ਼ਰੂਰੀ ਕਦਮ ਨਹੀਂ ਉਠਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਇੱਕ ਗੰਭੀਰ ਮੁੱਦਾ ਹੈ ਅਤੇ ਇਸ ਦੀ ਹਾਊਸ ਵੱਲੋਂ ਪ੍ਰਵਾਨਗੀ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਉੱਤੇ ਜ਼ਮੀਨੀ ਪੱਧਰ ’ਤੇ ਕੰਮ ਨਾ ਹੋਣ ਕਾਰਨ ਉਨ੍ਹਾਂ ਦੇ ਵਾਰਡ ਦੇ ਲੋਕ ਬੇਹੱਦ ਪਰੇਸ਼ਾਨੀ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਚੁੱਪ ਨਹੀਂ ਬੈਠਣਗੇ ਅਤੇ ਲੋਕਾਂ ਨੂੰ ਨਾਲ ਲੈ ਕੇ ਨਿਗਮ ਵਿਰੁੱਧ ਸੰਘਰਸ਼ ਵਿੱਢਣਗੇ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਨਗਰ ਨਿਗਮ ਦੇ ਮੇਅਰ ਵਿਨੇਪਾਲ ਕੌਰ ਦਾ ਕਹਿਣਾ ਸੀ ਕਿ ਸੀਵਰੇਜ ਲੀਕੇਜ ਦੀ ਸਮੱਸਿਆ ਹੋਰਨਾਂ ਵਾਰਡਾਂ ਵਿੱਚ ਵੀ ਚੱਲ ਰਹੀ ਹੈ। 25 ਸਾਲ ਪੁਰਾਣੀਆਂ ਪਾਈਪਾਂ ਦੇ ਚੱਲਦਿਆਂ ਇਹ ਮਾਮਲਾ ਖੜ੍ਹਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਉੱਤੇ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਦੋ-ਤਿੰਨ ਮਹੀਨਿਆਂ ਦੇ ਅੰਦਰ ਪਾਈਪਾਂ ਦੀ ਬਦਲੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਭਲਕ ਨੂੰ ਅਧਿਕਾਰੀਆਂ ਦੀ ਟੀਮ ਨਾਲ ਅਕਾਲੀ ਕੌਂਸਲਰ ਦੇ ਵਾਰਡ ਦਾ ਦੌਰਾ ਕਰਨਗੇ ਅਤੇ ਉੱਥੋਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

