13 ਤੋਂ 15 ਨਵੰਬਰ ਤੱਕ ਲੱਗੇਗਾ ਪੈਨਸ਼ਨਰ ਸੇਵਾ ਮੇਲਾ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਡਿਜੀਟਲ ਪੈਨਸ਼ਨ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ 13 ਤੋਂ 15 ਨਵੰਬਰ ਤੱਕ ਸੂਬੇ ਦੇ ਸਾਰੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵਿੱਚ ’ਪੈਨਸ਼ਨਰ ਸੇਵਾ ਮੇਲਾ’ ਲਗਾਇਆ ਜਾਵੇਗਾ। ਇਸ ਮੇਲੇ ਦੌਰਾਨ ਸਮੂਹ ਪੈਨਸ਼ਨਰਾਂ ਦੀ ਈ-ਕੇਵਾਈਸੀ ਪ੍ਰਕਿਰਿਆ ਨੂੰ ਕੀਤਾ ਜਾਵੇਗਾ ਤਾਂ ਜੋ ਉਹ ਨਵੇਂ ਲਾਂਚ ਕੀਤੇ ਗਏ ਪੈਨਸ਼ਨਰ ਸੇਵਾ ਪੋਰਟਲ ’ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਣ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 3 ਨਵੰਬਰ ਨੂੰ ਸਾਰੀਆਂ ਪੈਨਸ਼ਨਾਂ ਸਬੰਧੀ ਸੇਵਾਵਾਂ ਲਈ ਵਨ-ਸਟਾਪ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਗਿਆ ਹੈ। ਇਸ ਲਈ ਪੋਰਟਲ ’ਤੇ ਆਪਣੀ ਰਜਿਸਟਰੇਸ਼ਨ ਕਰਵਾਉਣ ਵਾਸਤੇ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਸਾਰੇ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਰਜਿਸਟਰੇਸ਼ਨ ਕਰਵਾਉਣ।
ਸ੍ਰੀ ਚੀਮਾ ਨੇ ਕਿਹਾ ਕਿ ਪੈਨਸ਼ਨਰ ਨਵੇਂ ਪੋਰਟਲ ’ਤੇ ਉਪਲਬੱਧ ਆਧਾਰ ਪ੍ਰਮਾਣਿਕਤਾ ਸਹੂਲਤ ਰਾਹੀਂ ਈ-ਕੇਵਾਈਸੀ ਨੂੰ ਪੂਰਾ ਕਰਕੇ ‘ਪੈਨਸ਼ਨਰ ਸੇਵਾ ਪੋਰਟਲ’ ’ਤੇ ਰਜਿਸਟਰ ਕਰ ਸਕਦੇ ਹਨ। ਰਜਿਸਟਰ ਹੋਣ ਤੋਂ ਬਾਅਦ ਉਹ ਆਪਣੇ ਮੋਬਾਈਲ ਫੋਨ, ਕੰਪਿਊਟਰ ਜਾਂ ਲੈਪਟਾਪ ਦੀ ਵਰਤੋਂ ਕਰਕੇ ਪੋਰਟਲ ’ਤੇ ਆਪਣੇ ਲਾਗਇਨ ਆਈ ਡੀ ਰਾਹੀਂ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਪੋਰਟਲ ਦੇ ਲਾਂਚ ਹੋਣ ਤੋਂ ਬਾਅਦ ਸਾਹਮਣੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ਲਈ ਡਾਇਰੈਕਟੋਰੇਟ ਆਫ ਟਰੈਜ਼ਰੀਜ਼ ਐਂਡ ਅਕਾਊਂਟਸ, ਪੈਨਸ਼ਨ ਐਂਡ ਨਿਊ ਪੈਨਸ਼ਨ ਸਕੀਮ ਵਿਖੇ ਵਾਰ ਰੂਮ ਸਥਾਪਤ ਕੀਤਾ ਗਿਆ ਹੈ। ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਡਾਇਰੈਕਟੋਰੇਟ ਪੱਧਰ ’ਤੇ ਤਿੰਨ ਸਮਰਪਿਤ ਹੈਲਪਲਾਈਨ ਨੰਬਰ 18001802148, 01722996385, ਅਤੇ 01722996386 ਸਥਾਪਤ ਕੀਤੇ ਗਏ ਹਨ ਅਤੇ ਇਹ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਹਨ।
