ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਤਰੱਕੀਆਂ ਦਾ ਰਾਹ ਸਾਫ਼ ਹੋ ਗਿਆ ਹੈ। ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਨੇ ਪ੍ਰਿੰਸੀਪਲ ਕਾਡਰ ਵਿੱਚ ਤਰੱਕੀਆਂ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੋਂ ਯੋਗ ਲੈਕਚਰਾਰਾਂ, ਹੈੱਡਮਾਸਟਰਾਂ ਅਤੇ ਵੋਕੇਸ਼ਨਲ ਲੈਕਚਰਾਰਾਂ ਦੇ ਕੇਸ ਮੰਗ ਲਏ ਹਨ। ਵਿਭਾਗ ਵੱਲੋਂ ਜਾਰੀ ਨੋਟਿਸ ਅਨੁਸਾਰ ਲੈਕਚਰਾਰ, ਹੈੱਡਮਾਸਟਰ ਅਤੇ ਵੋਕੇਸ਼ਨਲ ਲੈਕਚਰਾਰ ਕਾਡਰ ਦੀ ਸੀਨੀਆਰਤਾ ਨੂੰ ਪਹਿਲਾਂ ਹੀ ਅੰਤਿਮ ਰੂਪ ਦੇ ਕੇ ਵਿਭਾਗ ਦੀ ਵੈੱਬਸਾਈਟ ’ਤੇ ਜਾਰੀ ਕੀਤਾ ਜਾ ਚੁੱਕਾ ਹੈ। ਹੁਣ ਇਨ੍ਹਾਂ ਦੇ ਆਧਾਰ ’ਤੇ ਪ੍ਰਿੰਸੀਪਲ ਕਾਡਰ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ। ਤਰੱਕੀਆਂ ਬਾਰਡਰ ਅਤੇ ਗ਼ੈਰ-ਬਾਰਡਰ ਸਟੇਸ਼ਨਾਂ ਦੀ ਚੋਣ ਤੋਂ ਬਾਅਦ ਕੀਤੀਆਂ ਜਾਣਗੀਆਂ।
ਵਿਭਾਗ ਨੇ 30 ਜੂਨ ਤੱਕ ਸਾਰੀਆਂ ਯੋਗਤਾ ਸ਼ਰਤਾਂ ਪੂਰੀਆਂ ਕਰਨ ਵਾਲੇ ਲੈਕਚਰਾਰਾਂ, ਹੈੱਡਮਾਸਟਰਾਂ ਅਤੇ ਵੋਕੇਸ਼ਨਲ ਲੈਕਚਰਾਰਾਂ ਦੇ ਕੇਸ ਮੰਗੇ ਹਨ। ਲੈਕਚਰਾਰ ਕਾਡਰ ਵਿੱਚ ਸੀਨੀਆਰਤਾ ਨੰਬਰ 6447 ਤੋਂ 7000, ਹੈੱਡਮਾਸਟਰ ਕਾਡਰ ਵਿੱਚ 2700 ਤੱਕ ਅਤੇ ਵੋਕੇਸ਼ਨਲ ਲੈਕਚਰਾਰ ਕਾਡਰ ਵਿੱਚ 1200 ਤੱਕ ਦੇ ਮੌਜੂਦਾ ਸੇਵਾ ਨਿਭਾ ਰਹੇ ਕਰਮਚਾਰੀਆਂ ਦੇ ਕੇਸ ਵਿਚਾਰੇ ਜਾਣਗੇ।
ਡਾਇਰੈਕਟਰ (ਸਕੂਲ ਸਿੱਖਿਆ) ਨੇ ਸਪੱਸ਼ਟ ਕੀਤਾ ਹੈ ਕਿ ਕੇਸ ਭੇਜਣ ਦਾ ਅਰਥ ਇਹ ਨਹੀਂ ਕਿ ਸਾਰੇ ਕਰਮਚਾਰੀ ਤਰੱਕੀ ਦੇ ਹੱਕਦਾਰ ਹੋਣਗੇ। ਕੇਵਲ ਸੀਨੀਆਰਤਾ, ਯੋਗਤਾ ਅਤੇ ਰੋਸਟਰ ਅਨੁਸਾਰ ਖਾਲੀ ਅਸਾਮੀਆਂ ’ਤੇ ਹੀ ਤਰੱਕੀਆਂ ਕੀਤੀਆਂ ਜਾਣਗੀਆਂ। ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ 10 ਅਗਸਤ ਦੁਪਹਿਰ 12 ਵਜੇ ਤੱਕ ਐਕਸਲ ਸ਼ੀਟ ਰਾਹੀਂ ਆਨਲਾਈਨ ਵੇਰਵੇ ਭੇਜੇ ਜਾਣ, ਜਦਕਿ ਮੁਕੰਮਲ ਅਸਲ ਕੇਸਾਂ ਦੀਆਂ ਮਿਸਲਾਂ 14 ਅਗਸਤ ਸ਼ਾਮ 5 ਵਜੇ ਤੱਕ ਦਫ਼ਤਰ ਵਿੱਚ ਦਸਤੀ ਪਹੁੰਚਾਉਣੀਆਂ ਲਾਜ਼ਮੀ ਹੋਣਗੀਆਂ। ਇਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਹ ਤਸਦੀਕ ਵੀ ਕਰਨੀ ਹੋਵੇਗੀ ਕਿ ਇਸ ਤੋਂ ਇਲਾਵਾ ਕੋਈ ਯੋਗ ਕੇਸ ਬਕਾਇਆ ਨਹੀਂ ਹੈ। ਇਸ ਦੇ ਨਾਲ ਹੀ, ਜਿਨ੍ਹਾਂ ਲੈਕਚਰਾਰਾਂ ਅਤੇ ਵੋਕੇਸ਼ਨਲ ਲੈਕਚਰਾਰਾਂ ਦੇ ਕੇਸ ਪਹਿਲਾਂ ਮੰਗੇ ਜਾ ਚੁੱਕੇ ਹਨ, ਉਨ੍ਹਾਂ ਦੀ ਸਾਲ 2024-25 ਦੀ ਸਾਲਾਨਾ ਗੁਪਤ ਰਿਪੋਰਟ (ਏ ਸੀ ਆਰ) ਅਤੇ ਹੋਰ ਲੋੜੀਂਦੇ ਦਸਤਾਵੇਜ਼ ਵੀ 14 ਅਗਸਤ ਤੱਕ ਵਿਭਾਗ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।

