PAU ਅਤੇ ਖੇਤੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਦਾ ਕਾਰਜ ਛੇਤੀ ਨਿਬੇੜਨ ਦਾ ਸੱਦਾ
ਲੇਟ ਬੀਜੇ ਨਰਮੇ ਨੂੰ ਅਨੇਕਾਂ ਜਹਿਮਤਾਂ ਚਿੰਬੜਨ ਦਾ ਡਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਨੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਰਮੇ ਦੀ ਬਿਜਾਈ ਦਾ ਕਾਰਜ ਜਲਦ ਤੋਂ ਜਲਦ ਨਿਬੇੜਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਲੇਟ ਕੀਤੀ ਬਿਜਾਈ ਕਾਰਨ ਫ਼ਸਲ ਨੂੰ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਹਨ, ਜਿਸ ਕਾਰਨ ਨਾ ਸਿਰਫ਼ ਫ਼ਸਲ ਦਾ ਝਾੜ ਘੱਟਦਾ ਹੈ, ਸਗੋਂ ਕਈ ਕਿਸਮ ਦੀਆਂ ਕੀਟਨਾਸ਼ਕ ਦਵਾਈਆਂ ਦਾ ਆਸਰਾ ਵੀ ਲੈਣਾ ਪੈਂਦਾ ਹੈ। ਇਹ ਦਵਾਈਆਂ ਕਿਸਾਨ ਦੀ ਜੇਬ 'ਤੇ ਵਾਧੂ ਬੋਝ ਬਣਦੀਆਂ ਹਨ। ਖੇਤੀ ਵਿਗਿਆਨੀਆਂ ਨੇ ਕਿਹਾ ਕਿ ਕਪਾਹ ਦੇ ਚੰਗੇ ਝਾੜ ਲਈ ਬਿਜਾਈ ਦਾ ਢੁੱਕਵਾਂ ਸਮਾਂ 15 ਮਈ ਤੱਕ ਹੀ ਬਿਹਤਰ ਮੰਨਿਆ ਜਾਂਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਸੇਵਾ-ਮੁਕਤ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਮਾਲਵਾ ਪੱਟੀ ਵਿੱਚ ਨਰਮੇ ਦੀ ਬਿਜਾਈ ਸਬੰਧੀ ਕੀਤੇ ਇੱਕ ਸਰਵੇ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਕਿਸਾਨ ਕੇਵਲ ਉਨ੍ਹਾਂ ਬੀ ਟੀ ਕਾਟਨ ਕਿਸਮਾਂ ਦੀ ਹੀ ਬਿਜਾਈ ਕਰਨ, ਜਿਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਬਿਨਾਂ ਮਾਨਤਾ ਵਾਲਾ ਬੀਜ ਕਿਸਾਨਾਂ ਨੂੰ ਕਿਸੇ ਵੀ ਵੇਲੇ ਦਗਾ ਦੇ ਸਕਦਾ ਹੈ, ਇਸ ਲਈ ਕਿਸਾਨ ਪ੍ਰਮਾਣਿਤ ਬੀਜਾਂ ਨੂੰ ਹੀ ਪਹਿਲ ਦੇਣ।
ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਦੋਗਲੀਆਂ (ਹਾਈਬ੍ਰਿਡ) ਬੀ ਟੀ ਨਰਮੇ ਦੀਆਂ ਕਿਸਮਾਂ ਹੀ ਆਪਣੇ ਖੇਤਾਂ ਵਿੱਚ ਲਾਉਣ। ਉਨ੍ਹਾਂ ਕਿਹਾ ਕਿ ਬੀ ਟੀ ਨਰਮੇ ਦੀ ਕਾਸ਼ਤ ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਨਹੀਂ ਕਰਨੀ ਚਾਹੀਦੀ। ਡਾ. ਰੋਮਾਣਾ ਨੇ ਕਿਸਾਨਾਂ ਨੂੰ ਬਿਜਾਈ ਦਾ ਕਾਰਜ ਜਲਦ ਨਿਬੇੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਨਰਮੇ ਦੀਆਂ ਅਗੇਤੀਆਂ ਖਿੜਨ ਵਾਲੀਆਂ ਅਤੇ ਪੱਤਾ ਮਰੋੜ ਬਿਮਾਰੀ ਤੋਂ ਰਹਿਤ ਸਿਫਾਰਸ਼ ਕੀਤੀਆਂ ਕਿਸਮਾਂ ਨੂੰ ਹੀ ਬੀਜਿਆ ਜਾਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸੁਝਾਅ ਦਿੱਤਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਬਾਗਾਂ ਦੇ ਨੇੜੇ ਨਰਮੇ ਦੀ ਫ਼ਸਲ ਨਾ ਬੀਜੀ ਜਾਵੇ।
ਇਸੇ ਦੌਰਾਨ ਹੀ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਹਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਬਾਜ਼ਾਰ ਵਿੱਚ ਬੀ ਟੀ ਕਾਟਨ ਦਾ ਬੀਜ ਪੂਰੀ ਮਾਤਰਾ ਵਿੱਚ ਉਪਲਬਧ ਹੈ ਅਤੇ ਕਿਸਾਨ ਆਪਣੀ ਮਰਜ਼ੀ ਅਨੁਸਾਰ ਜਿਹੜੀ ਕਿਸਮ ਚੰਗੀ ਲੱਗੇ, ਉਸ ਦਾ ਬੀਜ ਖਰੀਦ ਸਕਦੇ ਹਨ।

