ਪੀਟੀਆਈ/ਕੁਲਦੀਪ ਸਿੰਘ
ਚੰਡੀਗੜ੍ਹ, 1 ਸਤੰਬਰ
ਸਰਕਾਰ ਵੱਲੋਂ ਸੂਬੇ ’ਚ ਐਸਮਾ ਲਾਗੂ ਕੀਤੇ ਜਾਣ ਮਗਰੋਂ ਪੰਜਾਬ ਦੇ ਪਟਵਾਰੀਆਂ ਨੇ ਸੂਬੇ ਦੇ ਉਨ੍ਹਾਂ 3,193 ਮਾਲ ਹਲਕਿਆਂ ਦਾ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਨਿ੍ਹਾਂ ਦਾ ਉਨ੍ਹਾਂ ਨੂੰ ਵਾਧੂ ਕਾਰਜਭਾਰ ਸੌਂਪਿਆ ਗਿਆ ਸੀ। ਪਟਵਾਰੀਆਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੇ ਜਾਣ ਕਾਰਨ ਤਕਰੀਬਨ ਨੌਂ ਹਜ਼ਾਰ ਤੋਂ ਵੱਧ ਪਿੰਡਾਂ ਦਾ ਕੰਮ ਰੁਕ ਗਿਆ ਹੈ ਅਤੇ ਲੋਕਾਂ ਨੂੰ ਆਪਣੇ ਹਰ ਤਰ੍ਹਾਂ ਦੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਕਰਵਾਉਣ, ਫਰਦਾਂ ਲੈਣ, ਗਿਰਦਾਵਰੀ ਦੀਆਂ ਨਕਲਾਂ ਲੈਣ ਸਮੇਤ ਰਿਕਾਰਡ ਦੀ ਅਪਡੇਸ਼ਨ ਆਦਿ ਸਮੇਤ ਹੋਰ ਵੀ ਕਈ ਤਰ੍ਹਾਂ ਦੇ ਕੰਮਾਂ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੈਵੇਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਬੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਸਰਕਾਰ ਵੱਲੋਂ ਐਸਮਾ ਲਾਉਣ ਤੋਂ ਬਾਅਦ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਨਗੇ। ਇਕ ਹੋਰ ਆਗੂ ਨੇ ਕਿਹਾ ਕਿ ਪੰਜਾਬ ਵਿਚ 4716 ਮਾਲ ਹਲਕੇ ਹਨ ਜਨਿ੍ਹਾਂ ਵਿਚ ਸਿਰਫ 1523 ਪਟਵਾਰੀ ਹਨ। ਸਰਕਾਰ ਵੱਲੋਂ ਯੂਨੀਅਨ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ ਜਿਸ ਕਰਕੇ ਪਟਵਾਰੀਆਂ ਨੂੰ ਭ੍ਰਿਸ਼ਟਾਚਾਰ ਵਰਗੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ-ਇੱਕ ਪਟਵਾਰੀ ਕੋਲ ਦੂਸਰੇ ਸਰਕਲਾਂ ਦਾ ਵਾਧੂ ਕੰਮ ਹੋਣ ਕਰਕੇ ਪਬਲਿਕ ਤੇ ਪਟਵਾਰੀ ਦਾ ਮੇਲ ਹੀ ਨਹੀਂ ਹੁੰਦਾ ਜਿਸ ਦੀ ਵਜ੍ਹਾ ਕਰਕੇ ਵਿਚੋਲੀਏ ਪੈਦਾ ਹੁੰਦੇ ਹਨ ਜੋ ਮੋਟੇ ਪੈਸੇ ਲੈ ਕੇ ਪਟਵਾਰੀਆਂ ਦੀ ਬਦਨਾਮੀ ਕਰਵਾਉਣ ਵਿੱਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਪਟਵਾਰੀ ਆਪਣੀ ਡਿਊਟੀ ਕਰ ਰਹੇ ਹਨ ਤੇ ਵਾਧੂ ਜ਼ਿੰਮੇਵਾਰੀਆਂ ਵਾਲਾ ਕੋਈ ਵੀ ਕੰਮ ਨਹੀਂ ਕਰ ਰਹੇ। ਢੀਂਡਸਾ ਨੇ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪੰਜਾਬ ਸਵਿਲ ਸਰਵਿਸ (ਈ.ਬੀ.) ਆਫੀਸਰਜ਼ ਐਸੋਸੀਏਸ਼ਨ ਅਤੇ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਮਿਲੀ ਹਮਾਇਤ ਮੁਤਾਬਕ ਅਗਲੇ ਹਫ਼ਤੇ ਮੀਟਿੰਗ ਕਰਕੇ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਮਾਲ ਵਿਭਾਗ ਵਿੱਚ ਪਟਵਾਰੀਆਂ ਦੀ ਪੱਕੀ ਭਰਤੀ ਕੀਤੀ ਜਾਵੇ ਅਤੇ ਕੱਚੇ ਪਟਵਾਰੀਆਂ ਨੂੰ ਪੱਕੀ ਤਨਖਾਹ ਦਿੱਤੀ ਜਾਵੇ।
ਸਰਕਾਰ ਤੇ ਪਟਵਾਰੀਆਂ ਦੀ ਖਿੱਚੋਤਾਣ ਕਾਰਨ ਆਮ ਵਰਗ ਪ੍ਰੇਸ਼ਾਨ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਹੜਤਾਲੀ ਪਟਵਾਰੀਆਂ ਅਤੇ ਪੰਜਾਬ ਸਰਕਾਰ ਦਰਮਿਆਨ ਖਿੱਚੋਤਾਣ ਵਧਣ ਕਾਰਨ ਆਮ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ। ਪਟਵਾਰੀਆਂ ਵੱਲੋਂ ਵਾਧੂ ਸਰਕਲਾਂ ਦਾ ਚਾਰਜ ਛੱਡਣ ਦੇ ਫ਼ੈਸਲਾ ਨਾਲ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਬਲਕਿ ਛੱਡੇ ਗਏ ਸਰਕਲਾਂ ਦੇ ਹਰ ਵਰਗ ਦੇ ਮੈਂਬਰਾਂ ਨੂੰ ਮੈਰਿਜ ਰਜਿਸਟਰੇਸ਼ਨ, ਆਮਦਨ ਵਰਗ ਸਰਟੀਫਿਕੇਟ ਸਣੇ ਦੋ ਦਰਜਨ ਦਸਤਾਵੇਜ਼ ਪ੍ਰਾਪਤ ਕਰਨ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਅਤੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਪਟਵਾਰੀਆਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਸਮਰਥਨ ਦਿੱਤੇ ਜਾਣ ਤੋਂ ਬਾਅਦ ਸਥਿਤੀ ਹੋਰ ਵੀ ਕਸੂਤੀ ਹੋ ਗਈ ਹੈ। ਸਥਾਨਕ ਸਬ ਰਜਿਸਟਰਾਰ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡਵਿੀਜ਼ਨ ਵਿੱਚ 19 ਸਰਕਲਾਂ ਦਾ ਕੰਮ ਪੰਜ ਪਟਵਾਰੀ ਦੇਖ ਰਹੇ ਸਨ ਅਤੇ ਅੱਜ 14 ਸਰਕਲਾਂ ਦੇ ਪਿੰਡ ਪਟਵਾਰੀਆਂ ਦੀਆਂ ਵਾਧੂ ਸੇਵਾਵਾਂ ਤੋਂ ਸੱਖਣੇ ਹੋ ਗਏ ਹਨ। ਇਨ੍ਹਾਂ ਪਿੰਡਾਂ ਦੇ ਵਾਸੀ ਜਦੋਂ ਪਹਿਲਾਂ ਦੀ ਤਰ੍ਹਾਂ ਵਾਧੂ ਚਾਰਜ ਸੰਭਾਲ ਰਹੇ ਪਟਵਾਰੀ ਕੋਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਕੋ ਜਵਾਬ ਮਿਲਦਾ ਹੈ ਕਿ ਉਨ੍ਹਾਂ ਦਾ ਚਾਰਜ ਹੁਣ ਮੁੱਖ ਮੰਤਰੀ ਕੋਲ ਹੈ।