ਜਗਜੀਤ ਸਿੰਘ
ਮੁਕੇਰੀਆਂ, 28 ਅਗਸਤ
ਵਿਜੀਲੈਂਸ ਦੀ ਟੀਮ ਨੇ ਇੱਕ ਪਟਵਾਰੀ ਨੂੰ ਜ਼ਮੀਨ ਦਾ ਇੰਤਕਾਲ ਚੜ੍ਹਾਉਣ ਬਦਲੇ 45 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਵਿਜੀਲੈਂਸ ਵਿਭਾਗ ਦੀ ਟੀਮ ਪਟਵਾਰੀ ਨੂੰ ਪੁੱਛ-ਪੜਤਾਲ ਲਈ ਨਾਲ ਲੈ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਪੋਤਾ ਦੇ ਇੱਕ ਕਿਸਾਨ ਅਵਤਾਰ ਸਿੰਘ ਪੁੱਤਰ ਕਪੂਰ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਪਿਤਾ ਦੀ ਮੌਤ ਮਗਰੋਂ ਜ਼ਮੀਨ ਦਾ ਇੰਤਕਾਲ ਆਪਣੇ ਨਾਂ ਕਰਾਉਣ ਲਈ ਪਟਵਾਰੀ ਜਤਿੰਦਰ ਬਹਿਲ ਵੱਲੋਂ 60 ਹਜ਼ਾਰ ਰੁਪਏ ਮੰਗੇ ਜਾ ਰਹੇ ਸੀ ਪਰ ਗੱਲਬਾਤ 50000 ਰੁਪਏ ’ਚ ਮੁੱਕੀ। ਕਿਸਾਨ ਦੀ ਸ਼ਿਕਾਇਤ ਮਗਰੋਂ ਅੱਜ ਵਿਜੀਲੈਂਸ ਹੁਸ਼ਿਆਰਪੁਰ ਦੇ ਡੀਐੱਸਪੀ ਨਿਰੰਜਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਟਵਾਰੀ ਜਤਿੰਦਰ ਬਹਿਲ ਨੂੰ 45000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਕਾਬੂ ਕਰ ਲਿਆ ਹੈ। ਕਿਸਾਨ ਨੇ ਦੱਸਿਆ ਕਿ ਉਹ 5000 ਰੁਪਏ ਪਹਿਲਾਂ ਹੀ ਪਟਵਾਰੀ ਨੂੰ ਦੇ ਚੁੱਕਾ ਹੈ। ਡੀਐੱਸਪੀ ਨਰਿੰਜਣ ਸਿੰਘ ਨੇ ਦੱਸਿਆ ਕਿ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।