Patiala Police ਵੱਲੋਂ Gangster Goldy Dhillon ਨਾਲ ਸਬੰਧਤ ਚਾਰ ਤਸਕਰ 10 ਪਿਸਤੌਲਾਂ ਸਣੇ ਕਾਬੂ
ਗੈਂਗਸਟਰ ਦੇ ਇਕ ਵਿਰੋਧੀ ਨੂੰ ਨਿਸ਼ਾਨਾ ਬਣਾਉਣ ਦੀ ਸੀ ਯੋਜਨਾ
ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਪਰਦੀਪ ਬਾਜਵਾ ਅਤੇ ਥਾਣਾ ਸ਼ੰਭੂ ਦੇ ਐਸਐਚਓ ਸਵਰਨ ਸਿੰਘ ਬੋਹੜਪੁਰ ਦੀ ਸਾਂਝੀ ਅਗਵਾਈ ਹੇਠਲੀ ਟੀਮ ਨੇ ਇੱਕ ਅਹਿਮ ਕਾਰਵਾਈ ਦੌਰਾਨ ਅੰਤਰਰਾਜੀ ਹਥਿਆਰ ਤਸਕਰ ਗਰੋਹ ਦੇ ਚਾਰ ਮੈਂਬਰਾਂ ਨੂੰ 10 ਆਧੁਨਿਕ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ।
ਇਥੇ ਜਾਣਕਾਰੀ ਦਿੰਦਿਆਂ ਐਸਐਸਪੀ ਵਰੁਣ ਸ਼ਰਮਾ (ਆਈਪੀਐਸ) ਨੇ ਦੱਸਿਆ ਮੁਲਜ਼ਮਾਂ ਵਿਚ ਗਰੋਹ ਦੇ ਸਰਗਨੇ ਬਿਹਾਰ ਦੇ ਮੁਜ਼ੱਫਰਪੁਰ ਵਾਸੀ ਸੌਰਭ ਕੁਮਾਰ ਸਮੇਤ ਸੋਹਾਣਾ ਵਾਸੀ ਸਾਜਨ, ਅਬਲੋਵਾਲ ਪਟਿਆਲਾ ਵਾਸੀ ਅਭਿਸ਼ੇਕ ਕਾਕਾ ਅਤੇ ਪੁਰਾਣਾ ਬਿਸ਼ਨ ਨਗਰ ਪਟਿਆਲਾ ਦੇ ਵਸਨੀਕ ਇੰਦਰਜੀਤ ਉਰਫ਼ ਰੋਹਿਤ ਸ਼ਾਮਲ ਹਨ। ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਦੇ ਇਸ਼ਾਰੇ ’ਤੇ ਇਹ ਤਸਕਰ ਗਰੋਹ ਬਿਹਾਰ ਤੋਂ ਲਿਆਂਦੇ ਹਥਿਆਰਾਂ ਦੀ ਪੰਜਾਬ ਦੇ ਵੱਖ ਵੱਖ ਖੇਤਰਾਂ ’ਚ ਸਪਲਾਈ ਕਰਦਾ ਸੀ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਲਾਕੇ ’ਚ ਆਪਣਾ ਦਬਦਬਾ ਕਾਇਮ ਰੱਖਣ ਲਈ ਅਪਰਾਧਕ ਗਤੀਵਿਧੀਆਂ ’ਚ ਹੀ ਸਰਗਰਮ ਗੈਂਗਸਟਰ ਗੋਲਡੀ ਢਿੱਲੋਂ ਦੇ ਇੱਕ ਵਿਰੋਧੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਵੀ ਸੀ।
ਐਸਐਸਪੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਕਤ ਸੌਰਭ ਕੁਮਾਰ ਟਾਰਗੈਟ ਕਿਲਿੰਗ ਅਤੇ ਹੋਰ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦੇਣ ਲਈ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਅਪਰਾਧੀਆਂ ਨੂੰ ਪਿਸਤੌਲਾਂ ਦੀ ਖੇਪ ਸਪਲਾਈ ਕਰਨ ਆ ਰਿਹਾ ਹੈ ਜਿਸ ਤਹਿਤ ਹੀ ਐਸ.ਪੀ (ਡੀ) ਗੁਰਬੰਸ ਬੈਂਸ ਦੀ ਨਿਗਰਾਨੀ ਅਤੇ ਘਨੌਰ ਦੇ ਡੀਐਸਪੀ ਹਰਮਪ੍ਰ੍ਰੀਤ ਚੀਮਾ ਤੇ ਡੀਐਸਪੀ ਆਰ ਰਾਜੇਸ਼ ਮਲਹੋਤਰਾ ਦੀ ਅਗਵਾਈ ਹੇਠਾਂ ਸੀਆਈਏ ਮੁਖੀ ਪਰਦੀਪ ਬਾਜਵਾ ਅਤੇ ਥਾਣਾ ਸ਼ੰਭੂ ਦੇ ਮੁਖੀ ਸਵਰਨ ਸਿੰਘ ਆਧਾਰਿਤ ਟੀਮ ਗਠਿਤ ਕਰਕੇ ਇਸ ਕੰਮ ’ਤੇ ਲਾਈ ਗਈ ਜਿਸ ਨੇ ਜਾਲ਼ ਵਿਛਾਉਂਦਿਆਂ ਇਹਨਾਂ ਤਸਕਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ। ਹੋਰ ਜਾਣਕਾਰੀ ਮੁਤਾਬਿਕ ਸੌਰਭ ਕੁਮਾਰ ਮੁਜ਼ੱਫਰਪੁਰ ਦੀ ਇੱਕ ਗੈਰਕਾਨੂੰਨੀ ਹਥਿਆਰ ਫੈਕਟਰੀ ਤੋਂ ਹਥਿਆਰਾਂ ਦਾ ਪ੍ਰਬੰਧ ਕਰ ਰਿਹਾ ਸੀ। ਇਹ ਵੀ ਪਤਾ ਲੱਗਾ ਕਿ ਸੋਸ਼ਲ ਮੀਡੀਆ ਰਾਹੀਂ ਗੈਂਗਸਟਰ ਗੋਲਡੀ ਢਿੱਲੋਂ ਦੇ ਸੰਪਰਕ ਵਿੱਚ ਆਇਆ ਅਭਿਸ਼ੇਕ ਗੈਂਗਵਾਰ ਵਿੱਚ ਸਰਗਰਮ ਹੈੇ। ਐਸਐਚਓ ਸਵਰਨ ਬੋਹੜਪੁਰ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸ਼ੰਭੂ ਵਿਖੇ ਕੇਸ ਦਰਜ ਕੀਤਾ ਗਿਆ ਹੈ।

