ਪਟਿਆਲਾ: ਢਾਬਾ ਮੁਲਾਜ਼ਮ ਦੀ ਚਾਕੂ ਮਾਰ ਕੇ ਹੱਤਿਆ, ਚਾਰ ਖਿਲਾਫ ਕੇਸ ਦਰਜ
ਇੱਥੇ ਪੋਲੋ ਗਰਾਊਂਡ ਨੇੜੇ ਸਾਈਂ ਮਾਰਕੀਟ ਵਿੱਚ ਸਥਿਤ ਕੋਹਲੀ ਢਾਬੇ ’ਤੇ ਕੰਮ ਕਰਦੇ ਕਰਮਚਾਰੀ ਸੰਤੋਸ਼ ਕੁਮਾਰ(43) ਦੀ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।
ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਰਾਤੀਂ 10:00 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀ ਕੋਹਲੀ ਢਾਬੇ ਵਿੱਚ ਖਾਣਾ ਖਾਣ ਲਈ ਆਏ। ਖਾਣਾ ਖਤਮ ਕਰਨ ਤੋਂ ਬਾਅਦ ਉਨ੍ਹਾਂ ਦੀ ਢਾਬੇ ਦੇ ਮੈਨੇਜਰ ਨਾਲ ਬਿੱਲ ਨੂੰ ਲੈ ਕੇ ਬਹਿਸ ਹੋ ਗਈ, ਜੋ ਝਗੜੇ ਵਿੱਚ ਬਦਲ ਗਈ।
ਝਗੜੇ ਦੌਰਾਨ, ਢਾਬੇ ’ਤੇ ਕੰਮ ਕਰਨ ਵਾਲੇ ਕਰਮਚਾਰੀ ਸੰਤੋਸ਼ ਕੁਮਾਰ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਨਤੀਜੇ ਵਜੋਂ ਸੰਤੋਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਪਰ ਕੁਝ ਸਮੇਂ ਬਾਅਦ ਡਾਕਟਰਾਂ ਨੇ ਸੰਤੋਸ਼ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ।
ਉਧਰ ਇਤਲਾਹ ਮਿਲਣ ’ਤੇ ਥਾਣਾ ਕੋਤਵਾਲੀ ਦੇ ਐਸਐਚਓ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਧਰਨਾ ਸਥਾਨ ’ਤੇ ਪੁੱਜੀ ਪੁਲੀਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
