DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pathankot Storm Damage: ਤੂਫਾਨ ਤੇ ਮੀਂਹ ਨਾਲ ਚਾਲੀ ਪਿੰਡਾਂ ਦੀ ਬਿਜਲੀ ਗੁੱਲ

ਬਿਜਲੀ ਦੇ ਖੰਭੇ ਡਿੱਗੇ; ਟਰਾਂਸਫਾਰਮਰ ਨੁਕਸਾਨੇ; ਦਰੱਖਤ ਡਿੱਗੇ; ਫਸਲਾਂ ਵਿਛੀਆਂ

  • fb
  • twitter
  • whatsapp
  • whatsapp
Advertisement

Pathankot Storm Damage: ਇੱਥੇ ਅੱਜ ਤੜਕੇ ਤੂਫਾਨ ਤੇ ਮੀਂਹ ਨਾਲ ਪਠਾਨਕੋਟ ਜ਼ਿਲ੍ਹੇ ਅੰਦਰ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ। ਖਾਸ ਤੌਰ ’ਤੇ ਵਿਧਾਨ ਸਭਾ ਹਲਕਾ ਭੋਆ ਦੇ ਮਲਿਕਪੁਰ ਤੋਂ ਲੈ ਕੇ ਸੁੰਦਰਚੱਕ ਰੋਡ ਤੱਕ ਪੈਂਦੇ ਖੇਤਾਂ ਅੰਦਰ ਝੋਨੇ ਦੀ ਫਸਲ ਵਿਛ ਗਈ, ਕਈ ਦਰਖਤ ਡਿੱਗ ਗਏ ਅਤੇ ਬਿਜਲੀ ਦੀਆਂ ਤਾਰਾਂ ਤੇ ਖੰਭੇ ਵੀ ਡਿੱਗ ਗਏ ਜਿਸ ਨਾਲ ਪਾਵਰਕੌਮ ਦੇ ਦੋ ਫੀਡਰ ਨੁਕਸਾਨੇ ਗਏ ਅਤੇ 30-40 ਪਿੰਡਾਂ ਦੀ ਬਿਜਲੀ ਗੁੱਲ ਹੋ ਗਈ। ਹਾਲਾਂਕਿ ਰਾਤ ਦਾ ਵੇਲਾ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਮਾਲੀ ਨੁਕਸਾਨ ਕਾਫੀ ਹੋਇਆ।

ਪੰਜੋੜ ਪਿੰਡ ਦੇ ਵਾਸੀ ਪ੍ਰਦੀਪ ਕੁਮਾਰ ਦਾ ਕਹਿਣਾ ਸੀ ਕਿ ਕੁਦਰਤ ਦੇ ਕਹਿਰ ਕਾਰਨ ਕਈ ਦਰਖਤ ਡਿੱਗ ਗਏ। ਬਿਜਲੀ ਜਾਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਲ ਆਈ ਅਤੇ ਲੋਕਾਂ ਨੂੰ ਪਾਣੀ ਦੀ ਸਪਲਾਈ ਵੀ ਨਾ ਮਿਲੀ। ਇੱਕ ਹੋਰ ਇਲਾਕਾ ਵਾਸੀ ਗੁਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਖੰਭੇ ਡਿੱਗਣ ਨਾਲ 30-40 ਪਿੰਡਾਂ ਦੀ ਲਾਈਟ ਪ੍ਰਭਾਵਿਤ ਹੋ ਗਈ ਹੈ। ਪਾਵਰਕੌਮ ਦੇ ਅਧਿਕਾਰੀ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਤੇਜ਼ ਤੂਫਾਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਉਨ੍ਹਾਂ ਦੇ ਮਹਿਕਮੇ ਦਾ ਹੋਇਆ ਹੈ ਅਤੇ 10 ਤੋਂ ਵੱਧ ਖੰਭੇ ਡਿੱਗ ਗਏ ਹਨ ਤੇ ਹਾਈ ਵੋਲਟੇਜ ਵਾਲੀਆਂ ਬਿਜਲੀ ਦੀਆਂ ਤਾਰਾਂ ਵੀ ਜ਼ਮੀਨ ’ਤੇ ਡਿੱਗ ਗਈਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ 11 ਕੇਵੀ ਦੇ ਦੋ ਫੀਡਰ ਇੱਕ ਨਰੋਟ ਮਹਿਰਾ ਦਾ ਅਤੇ ਦੂਸਰਾ ਕੀੜੀ ਈਟੀ ਦਾ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਦੋਨਾਂ ਫੀਡਰਾਂ ਦੇ ਹੇਠਾਂ ਆਉਂਦੇ ਪਿੰਡਾਂ ਵਿੱਚ ਬਿਜਲੀ ਚਲੀ ਗਈ ਹੈ। ਉਨ੍ਹਾਂ ਨੇ ਸਟਾਫ ਬਿਜਲੀ ਨੂੰ ਬਹਾਲ ਕਰਨ ਲਈ ਲਗਾਇਆ ਹੈ ਪਰ ਕੰਮ ਬਹੁਤ ਜ਼ਿਆਦਾ ਹੈ।

Advertisement

Advertisement

ਗੁਰਦਾਸਪੁਰ (ਕੇ ਪੀ ਸਿੰਘ): ਤੇਜ਼ ਤੂਫ਼ਾਨ ਨੇ ਗੁਰਦਾਸਪੁਰ ਇਲਾਕੇ ਵਿੱਚ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਤੇਜ਼ ਹਵਾਵਾਂ ਕਾਰਨ ਗੁਰਦਾਸਪੁਰ ਤੋਂ ਬਹਿਰਾਮਪੁਰ ਨੂੰ ਜਾਂਦੀ ਸੜਕ, ਕਾਲਜ ਰੋਡ ਅਤੇ ਰੇਲਵੇ ਸਟੇਸ਼ਨ ਰੋਡ ’ਤੇ ਕਈ ਥਾਵਾਂ ’ਤੇ ਵੱਡੇ ਦਰੱਖਤ ਜੜ੍ਹਾਂ ਸਮੇਤ ਉੱਖੜ ਕੇ ਸੜਕ ’ਤੇ ਡਿੱਗ ਪਏ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਇਸ ਦੇ ਨਾਲ ਹੀ ਤੂਫ਼ਾਨ ਦੀ ਲਪੇਟ ਵਿੱਚ ਆਉਣ ਕਾਰਨ ਬਿਜਲੀ ਦੇ ਖੰਭਿਆਂ ਅਤੇ ਬਿਜਲੀ ਸਪਲਾਈ ਦੇ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਕਈ ਥਾਵਾਂ ’ਤੇ ਦਰੱਖਤ ਡਿੱਗਣ ਨਾਲ ਵਾਹਨ ਚਾਲਕਾਂ ਨੂੰ ਰਾਤ ਸਮੇਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸੇ ਦੌਰਾਨ ਬਿਜਲੀ ਦੇ ਖੰਭਿਆਂ ਅਤੇ ਟਰਾਂਸਫ਼ਾਰਮਰਾਂ ਨੂੰ ਨੁਕਸਾਨ ਹੋਣ ਕਾਰਨ ਇਲਾਕੇ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ । ਤੂਫ਼ਾਨ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਨੁਕਸਾਨੇ ਢਾਂਚੇ ਦੀ ਜਾਂਚ ਕਰਕੇ ਸਪਲਾਈ ਬਹਾਲ ਕਰਨ ਲਈ ਕੰਮ ਸ਼ੁਰੂ ਕੀਤਾ ਗਿਆ।

ਦਰੱਖਤ ਡਿੱਗਣ ਕਾਰਨ ਰਾਹਗੀਰਾਂ ਨੂੰ ਕਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਸੜਕ ਤੋਂ ਡਿੱਗੇ ਦਰੱਖਤਾਂ ਅਤੇ ਟਾਹਣੀਆਂ ਨੂੰ ਤੁਰੰਤ ਹਟਾਇਆ ਜਾਵੇ।

ਪਾਵਰਕੌਮ ਦੇ ਐਸਡੀਓ ਸ਼ਹਿਰੀ ਡਿਵੀਜ਼ਨ ਅਨੁਸਾਰ ਬਿਜਲੀ ਬੋਰਡ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਕਿਉਂਕਿ ਦਸ ਦੇ ਕਰੀਬ ਖੰਭੇ ਅਤੇ ਦੋ ਟਰਾਂਸਫ਼ਾਰਮਰ ਡਿੱਗ ਗਏ ਹਨ। ਕੁਝ ਦੇਰ ਲਈ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ ਪਰ ਹੁਣ ਸਾਰੇ ਇਲਾਕਿਆਂ ਦੀ ਬਿਜਲੀ ਬਹਾਲ ਕਰ ਦਿੱਤੀ ਗਈ ਹੈ।

ਮੀਂਹ ਦੌਰਾਨ ਕਟਾਰੂਚੱਕ ਦੇ ਘਰ ਅੱਗੇ ਡਟੇ ਕਿਸਾਨ

ਪਠਾਨਕੋਟ: ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਮੂਹਰੇ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨ ਮੀਂਹ ਤੇ ਹਨੇਰੀ ਵਿਚ ਵੀ ਡਟੇ ਰਹੇ। ਦੂਸਰੇ ਦਿਨ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ, ਸੂਬਾਈ ਆਗੂ ਹਰਵਿੰਦਰ ਸਿੰਘ ਮਸਾਣੀਆਂ, ਅਨੂਪ ਸਿੰਘ ਸੁਲਤਾਨੀ, ਸੁਖਜਿੰਦਰ ਸਿੰਘ ਗੋਹਤ, ਡਾ. ਹਰਦੀਪ ਸਿੰਘ, ਨਿਸ਼ਾਨ ਸਿੰਘ ਆਦਿ ਨੇ ਸੰਬੋਧਨ ਕੀਤਾ।

ਆਗੂਆਂ ਦਾ ਕਹਿਣਾ ਸੀ ਕਿ ਉਹ 18 ਤਰੀਕ ਤੱਕ ਇਥੇ ਪੱਕੇ ਮੋਰਚੇ ’ਤੇ ਬੈਠਣਗੇ ਅਤੇ ਲੰਗਰ ਲਈ ਉਹ ਸੁੱਕੀ ਰਸਦ ਲੈ ਕੇ ਆਏ ਹੋਏ ਹਨ ਜਿਸ ਨਾਲ ਉਹ ਗੁਰਦੁਆਰਾ ਬਾਰਠ ਸਾਹਿਬ ਤੋਂ ਲੰਗਰ ਤਿਆਰ ਕਰਵਾ ਲੈਂਦੇ ਹਨ ਜਦ ਕਿ ਚਾਹ ਵਗੈਰਾ ਧਰਨੇ ਵਾਲੀ ਥਾਂ ’ਤੇ ਹੀ ਬਣਾ ਲੈਂਦੇ ਹਨ।

ਆਗੂਆਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਕੋਈ ਹਾਂ ਪੱਖੀ ਹੁੰਗਾਰਾ ਨਾ ਦਿੱਤਾ ਤਾਂ ਉਹ ਘਰਾਂ ਨੂੰ ਵਾਪਸ ਨਹੀਂ ਜਾਣਗੇ ਅਤੇ 18 ਸਤੰਬਰ ਨੂੰ ਇਥੋਂ ਹੀ ਅਗਲੇ ਸੰਘਰਸ਼ ਦਾ ਪੜਾਅ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਵਿੱਚ ਰੇਲਾਂ ਰੋਕੀਆਂ ਤੇ ਹਾਈਵੇਅ ਜਾਮ ਕੀਤੇ ਜਾ ਸਕਦੇ ਹਨ।

ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੰਭੂ-ਖਨੌਰੀ ਬਾਰਡਰ ’ਤੇ ਕਿਸਾਨਾਂ ’ਤੇ ਕੀਤੇ ਗਏ ਤਸ਼ੱਦਦ ਨਾਲ ਉੱਥੇ ਚੋਰੀ ਹੋਏ ਏਸੀ, ਤਰਪਾਲਾਂ, ਟਰਾਲੀਆਂ ਅਤੇ ਹੋਰ ਸਾਮਾਨ ਜਿਸ ਦੀ ਕੀਮਤ ਤਿੰਨ ਕਰੋੜ 77 ਲੱਖ 6 ਹਜ਼ਾਰ ਰੁਪਏ ਬਣਦੀ ਹੈ, ਦੀ ਪੂਰਤੀ ਕੀਤੀ ਜਾਵੇ, ਤਸ਼ੱਦਦ ਸਮੇਂ ਬਹੁਤ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਰਜ਼ੇ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਤਾਂ 20 ਲੱਖ ਕਰੋੜ ਦਾ ਕਰਜ਼ਾ ਬਿਨਾਂ ਕਿਸੇ ਧਰਨੇ ਦੇ ਮੁਆਫ ਕਰ ਦਿੰਦੀ ਹੈ ਪਰ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ ਨਹੀਂ ਕੀਤੇ ਜਾ ਰਹੇ।

ਦਿੱਲੀ- ਜੰਮੂ-ਕੱਟੜਾ ਐਕਸਪ੍ਰੈਸ ਵੇਅ ਸਬੰਧੀ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਨਹੀਂ, ਇਹ ਕਿਸਾਨ ਦੀ ਮਾਂ ਹੈ ਤੇ ਸਰਕਾਰ ਇਸ ਨੂੰ ਕੌਡੀਆਂ ਦੇ ਭਾਅ ਲੈ ਕੇ ਜਾਣਾ ਚਾਹੁੰਦੀ ਹੈ, ਜੋ ਕਿਸੇ ਵੀ ਕੀਮਤ ਤੇ ਨਹੀਂ ਦਿੱਤੀ ਜਾਵੇਗੀ ਉਨ੍ਹਾਂ ਸਪੱਸ਼ਟ ਕਿਹਾ ਕਿ 18 ਸੂਤਰੀ ਮੰਗ ਪੱਤਰ ਉੱਪਰ ਪੂਰੀ ਤਰ੍ਹਾਂ ਪਹਿਰਾ ਦਿੱਤਾ ਜਾਵੇਗਾ।

Advertisement
×