Pash Birth Anniversary: ਇਨਕਲਾਬੀ ਕਵੀ ਪਾਸ਼ ਦਾ ਜਨਮ ਦਿਨ ਸਮਾਗਮ ਅੱਜ
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ, ਅਵਤਾਰ ਪਾਸ਼ ਯਾਦਗਾਰੀ ਟਰੱਸਟ ਅਤੇ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰੀ ਕਮੇਟੀ ਇਲਾਕਾ ਨਕੋਦਰ ਵੱਲੋਂ 9 ਸਤੰਬਰ ਨੂੰ ਪਿੰਡ ਤਲਵੰਡੀ ਸਲੇਮ ਵਿੱਚ ਮਨਾਏ ਜਾ ਰਹੇ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਜਨਮ ਦਿਨ ਦੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ...
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ, ਅਵਤਾਰ ਪਾਸ਼ ਯਾਦਗਾਰੀ ਟਰੱਸਟ ਅਤੇ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰੀ ਕਮੇਟੀ ਇਲਾਕਾ ਨਕੋਦਰ ਵੱਲੋਂ 9 ਸਤੰਬਰ ਨੂੰ ਪਿੰਡ ਤਲਵੰਡੀ ਸਲੇਮ ਵਿੱਚ ਮਨਾਏ ਜਾ ਰਹੇ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਜਨਮ ਦਿਨ ਦੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ ਤੋਂ ਇੱਕ ਦਿਨ ਪਹਿਲਾਂ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਾਫਲੇ ਪਿੰਡ ਵਿੱਚ ਪੁੱਜਣੇ ਸ਼ੁਰੂ ਹੋ ਗਏ ਹਨ।
ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ ਨੇ ਦੱਸਿਆ ਕਿ ਲੋਕ ਯਾਦਗਾਰੀ ਕੰਪਲੈਕਸ ਵਿੱਚ ਸ਼ਹੀਦਾਂ ਨੂੰ ਸਿਜਦਾ ਕਰਨਗੇ। ਇਸ ਮਗਰੋਂ ਪਾਸ਼ ਦੇ ਲਹੂ ਸਿੰਜੇ ਖੇਤਾਂ ਵਿੱਚ ਦੋ ਏਕੜ ਝੋਨਾ ਵੱਢ ਕੇ ਲਾਏ ਗਏ ਪੰਡਾਲ ਵਿੱਚ ਇਕੱਠ ਹੋਵੇਗਾ। ਪਿੰਡ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ, ਪਾਸ਼ ਦੇ ਚਚੇਰੇ ਭਰਾ ਸੁਖਵਿੰਦਰ ਸਿੰਘ ਸੁੱਚਾ ਅਤੇ ਪਰਮਜੀਤ ਸਿੰਘ ਨੇ ਕਿਹਾ ਕਿ ਪਾਸ਼ ਵੱਲੋਂ ਕਿਰਤੀਆਂ ਦੇ ਹੱਕ ਵਿੱਚ ਰਚੇ ਸਾਹਿਤ ਸਦਕਾ ਉਨ੍ਹਾਂ ਦਾ ਪਿੰਡ ਦੁਨੀਆਂ ਦੇ ਨਕਸ਼ੇ ’ਤੇ ਚਮਕਿਆ ਹੈ। ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਡਾ. ਸਵਰਾਜਬੀਰ ਦਾ ਲਿਖਿਆ ਨਾਟਕ ‘ਅਸੀਂ ਲੜਾਂਗੇ ਸਾਥੀ’ ਰੰਗਕਰਮੀ ਕੇਵਲ ਧਾਲੀਵਾਲ ਦੇ ਨਿਰਦੇਸ਼ਨ ਹੇਠ ਖੇਡਿਆ ਜਾਵੇਗਾ।
ਉਧਰ, ਬੀਤੇ ਦਿਨ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਸਫਾਈ ਕਰ ਰਹੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਰਕਰਾਂ ਨਾਲ ਕਥਿਤ ਗਾਲੀ-ਗਲੋਚ ਤੇ ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ਵਿੱਚ ਯੂਨੀਅਨ ਨੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦੀ ਅਗਵਾਈ ਹੇਠ ਅੱਜ ਨਕੋਦਰ ਦੇ ਡੀ ਐੱਸ ਪੀ ਉਂਕਾਰ ਸਿੰਘ ਬਰਾੜ ਅਤੇ ਥਾਣਾ ਸਦਰ ਦੇ ਮੁਖੀ ਪਲਵਿੰਦਰ ਸਿੰਘ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

