ਪੰਜੋਖਰਾ ਸਾਹਿਬ ਮਾਮਲਾ: ਅਨਮੋਲ ਤੇ ਹਰਵਿੰਦਰ ਸਿੰਘ ਨੂੰ ਜ਼ਮਾਨਤ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਖ਼ਲ ਮਗਰੋਂ ਮਾਮਲਾ ਸ਼ਾਂਤ ਹੋਇਆ
ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ 7 ਅਗਸਤ ਦੀ ਘਟਨਾ ਸਬੰਧੀ ਮਾਮਲੇ ’ਚ ਅਨਮੋਲ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਇਹ ਮਾਮਲਾ ਗੁਰਸਿਮਰਨ ਸਿੰਘ ਮੰਡ ਨਾਲ ਸਬੰਧਤ ਘਟਨਾਕ੍ਰਮ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਸੀ।
ਮਾਮਲੇ ਦੇ ਹੱਲ ਲਈ ਹਰਿਆਣਾ ਸਰਕਾਰ ਵੱਲੋਂ ਉੱਚ ਪੱਧਰ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਅਤੇ ਮੁੱਖ ਮੰਤਰੀ ਦੇ ਓ ਐੱਸ ਡੀ ਡਾ. ਪ੍ਰਭਲੀਨ ਸਿੰਘ ਦੇ ਦਖ਼ਲ ਉਪਰੰਤ ਸਬੰਧਤ ਮਾਮਲਿਆਂ ਨੂੰ ਆਪਸੀ ਸਹਿਮਤੀ ਅਤੇ ਪ੍ਰਸ਼ਾਸਨਿਕ ਹੱਲ ਰਾਹੀਂ ਸਮਾਪਤ ਕਰਨ ਵੱਲ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਗਿਆ ਹੈ। ਸਰਕਾਰ ਵੱਲੋਂ ਕੇਸਾਂ ਨੂੰ ਲੰਬੀ ਕਾਨੂੰਨੀ ਜਾਂ ਵਿਵਾਦਪੂਰਨ ਪ੍ਰਕਿਰਿਆ ਵਿੱਚ ਨਾ ਲਿਜਾਣ ਅਤੇ ਉਨ੍ਹਾਂ ਨੂੰ ਬੰਦ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਇਸੇ ਦੌਰਾਨ ਸੁਰਮੁਖ ਸਿੰਘ ਰਾਮਖੇੜੀ, ਯਮੁਨਾਨਗਰ ਦੀ ਜ਼ਮਾਨਤ ਅਰਜ਼ੀ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਲੋੜੀਂਦੇ ਕੁਝ ਦਸਤਾਵੇਜ਼ ਉਪਲਬੱਧ ਨਾ ਹੋਣ ਕਾਰਨ ਅਰਜ਼ੀ ਦੀ ਕਾਰਵਾਈ ਨਿਰਧਾਰਤ ਸਮੇਂ ’ਤੇ ਨਹੀਂ ਹੋ ਸਕੀ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਗਲਤ ਜਾਣਕਾਰੀ ਅਤੇ ਅਫ਼ਵਾਹਾਂ ਤੋਂ ਬਚਿਆ ਜਾਵੇ। ਕਮੇਟੀ ਨੇ ਗੁਰਦੁਆਰੇ ਦੀ ਮਰਿਆਦਾ, ਸੰਗਤ ਦੀ ਏਕਤਾ ਅਤੇ ਸ਼ਾਂਤੀ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਮਾਮਲੇ ਦੇ ਸਥਾਈ ਤੇ ਸ਼ਾਂਤੀਪੂਰਨ ਹੱਲ ਲਈ ਯਤਨ ਜਾਰੀ ਰੱਖਣ ਦੀ ਗੱਲ ਕਹੀ ਹੈ।

