Panjab University: ਦਹਾਕੇ ਲੰਬੇ ਇੰਤਜ਼ਾਰ ਤੋਂ ਬਾਅਦ ਮੁਕਤਸਰ ’ਚ ਰੀਜਨਲ ਸੈਂਟਰ ਦੀ ਇਮਾਰਤ ਦਾ ਨਿਰਮਾਣ ਸ਼ੁਰੂ
1998 ਤੋਂ ਕਿਰਾਏ ਤੇ ਅਸੁਰੱਖਿਅਤ ਇਮਾਰਤ ’ਚ ਚੱਲ ਰਿਹਾ ਸੀ ਕੇਂਦਰ; 2016 ’ਚ ਅਲਾਟ ਹੋਈ ਸੀ 5 ਏਕੜ ਜ਼ਮੀਨ
ਇੱਥੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ (PURC) ਲਈ ਲਗਭਗ 5 ਏਕੜ ਜ਼ਮੀਨ ਅਲਾਟ ਕੀਤੇ ਜਾਣ ਦੇ ਕਰੀਬ ਇੱਕ ਦਹਾਕੇ ਬਾਅਦ, ਆਖਰਕਾਰ ਇਸ ਦੀ ਆਪਣੀ ਸਥਾਈ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ। ਸਾਲ 1998 ਵਿੱਚ ਟਿੱਬੀ ਸਾਹਿਬ ਰੋਡ ’ਤੇ ਇੱਕ ਕਿਰਾਏ ਦੀ ਇਮਾਰਤ ਤੋਂ ਸ਼ੁਰੂ ਹੋਇਆ ਇਹ ਰੀਜਨਲ ਸੈਂਟਰ ਹੁਣ ਤੱਕ ਆਪਣੀ ਪੁਰਾਣੀ ਇਮਾਰਤ ਵਿੱਚ ਹੀ ਚੱਲ ਰਿਹਾ ਹੈ। ਇਸ ਮੌਜੂਦਾ ਇਮਾਰਤ ਨੂੰ ਪੰਜਾਬ ਯੂਨੀਵਰਸਿਟੀ ਦੇ ਨਿਰਮਾਣ ਵਿੰਗ ਵੱਲੋਂ ਕਈ ਵਾਰ ਅਸੁਰੱਖਿਅਤ ਐਲਾਨਿਆ ਜਾ ਚੁੱਕਾ ਹੈ, ਜਿਸ ਤੋਂ ਬਾਅਦ ਵੱਖ-ਵੱਖ ਮੌਕਿਆਂ ’ਤੇ ਇਸ ਦੀ ਮੁਰੰਮਤ ਦਾ ਕੰਮ ਵੀ ਕਰਵਾਇਆ ਗਿਆ।
ਇਹ ਸੈਂਟਰ ਅੰਗਰੇਜ਼ੀ, ਪੰਜਾਬੀ, ਅਰਥ ਸ਼ਾਸਤਰ (ਇਕਨੌਮਿਕਸ) ਅਤੇ ਰਾਜਨੀਤੀ ਸ਼ਾਸਤਰ ਵਿੱਚ ਐੱਮ.ਏ. ਤੋਂ ਇਲਾਵਾ ਐੱਲ.ਐੱਲ.ਬੀ., ਐੱਮ.ਸੀ.ਏ. ਅਤੇ ਪੀ.ਜੀ.ਡੀ.ਸੀ.ਏ. ਵਰਗੇ ਮਹੱਤਵਪੂਰਨ ਕੋਰਸ ਕਰਵਾਉਂਦਾ ਹੈ। ਇਸ ਕੇਂਦਰ ਨੇ ਪਿਛਲੇ ਸਾਲਾਂ ਦੌਰਾਨ ਕਈ ਜੱਜ ਅਤੇ ਹੋਰ ਉੱਚ ਸ਼ਖਸੀਅਤਾਂ ਪੈਦਾ ਕੀਤੀਆਂ ਹਨ। ਪੀ.ਯੂ.ਆਰ.ਸੀ. ਮੁਕਤਸਰ ਦੇ ਡਾਇਰੈਕਟਰ ਡਾ. ਮਨੀਸ਼ ਜਿੰਦਲ ਨੇ ਦੱਸਿਆ ਕਿ ਸ਼ੁਰੂਆਤੀ ਪ੍ਰਸਤਾਵ ਅਨੁਸਾਰ 13,000 ਵਰਗ ਫੁੱਟ ਖੇਤਰਫਲ ਵਿੱਚ ਅਕਾਦਮਿਕ ਬਲਾਕ ਦੀ ਗਰਾਊਂਡ ਫਲੋਰ ਬਣਾਉਣ ਦੀ ਯੋਜਨਾ ਸੀ, ਪਰ ਫੰਡਾਂ ਦੀ ਸੀਮਤ ਉਪਲਬਧਤਾ ਕਾਰਨ ਫਿਲਹਾਲ ਗਰਾਊਂਡ ਫਲੋਰ ਦਾ ਲਗਭਗ 8,000 ਵਰਗ ਫੁੱਟ ਨਿਰਮਾਣ ਹੀ ਕੀਤਾ ਜਾ ਰਿਹਾ ਹੈ।
ਡਾਇਰੈਕਟਰ ਨੇ ਦੱਸਿਆ ਕਿ ਮੂਲ ਪ੍ਰਸਤਾਵ ਅਨੁਸਾਰ ਇਮਾਰਤ ਵਿੱਚ ਗਰਾਊਂਡ ਫਲੋਰ, ਪਹਿਲੀ ਮੰਜ਼ਿਲ ਅਤੇ ਦੂਜੀ ਮੰਜ਼ਿਲ ਬਣਾਈ ਜਾਣੀ ਸੀ। ਉਨ੍ਹਾਂ ਕਿਹਾ, “ਅਸੀਂ ਪੂਰੇ 13,000 ਵਰਗ ਫੁੱਟ ਖੇਤਰ ਵਿੱਚ ਗਰਾਊਂਡ ਫਲੋਰ ਅਤੇ ਨਾਲ ਹੀ ਪਹਿਲੀ ਮੰਜ਼ਿਲ ਦੇ ਨਿਰਮਾਣ ਦੀ ਮੰਗ ਚੁੱਕੀ ਹੈ।” ਉਨ੍ਹਾਂ ਉਮੀਦ ਜਤਾਈ ਕਿ ਇਮਾਰਤ ਦਾ ਪਹਿਲਾ ਗੇੜ ਅਗਲੇ ਸਾਲ ਮਾਰਚ ਤੱਕ ਤਿਆਰ ਹੋ ਜਾਵੇਗਾ ਕਿਉਂਕਿ ਨੀਂਹ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਪਹਿਲੇ ਗੇੜ ਵਿੱਚ 8 ਕਲਾਸਰੂਮ, 2 ਫੈਕਲਟੀ ਰੂਮ, ਇੱਕ ਕੰਪਿਊਟਰ ਲੈਬਾਰਟਰੀ, ਵਾਸ਼ਰੂਮ, ਕਾਮਨ ਏਰੀਆ, ਵਰਾਂਡਾ, ਲਾਇਬਰੇਰੀ ਅਤੇ ਸਟਾਫ਼ ਰੂਮ ਸਮੇਤ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ।
ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੁਰਾਣੀ ਇਮਾਰਤ ਵਿੱਚ ਸੈਂਟਰ ਚੱਲਣ ਕਾਰਨ ਕਈ ਵਿਦਿਆਰਥੀ ਇੱਥੇ ਦਾਖਲਾ ਲੈਣ ਤੋਂ ਝਿਜਕਦੇ ਸਨ। ਇਸ ਬਾਰੇ ਡਾਇਰੈਕਟਰ ਨੇ ਕਿਹਾ ਕਿ ਇਸ ਵੇਲੇ ਦਾਖਲੇ ਚੱਲ ਰਹੇ ਹਨ ਅਤੇ ਕੁਝ ਸੀਟਾਂ ਖਾਲੀ ਹਨ, ਜੋ ਜਲਦੀ ਹੀ ਭਰ ਜਾਣ ਦੀ ਉਮੀਦ ਹੈ। ਦੂਜੇ ਪਾਸੇ, ਸੂਤਰਾਂ ਅਨੁਸਾਰ ਕੁਝ ਕਾਰਜਕਰਤਾਵਾਂ ਵੱਲੋਂ ਵਰਤੀਆਂ ਜਾ ਰਹੀਆਂ ਇੱਟਾਂ ਦੀ ਗੁਣਵੱਤਾ 'ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਚੱਲ ਰਿਹਾ ਨਿਰਮਾਣ ਕਾਰਜ ਜਾਂਚ ਦੇ ਘੇਰੇ ’ਚ ਆ ਗਿਆ ਹੈ। ਯੂਨੀਵਰਸਿਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਿਰਮਾਣ ਵਿੰਗ ਨੇ ਕੰਮ ਦੀ ਨਿਗਰਾਨੀ ਲਈ ਇੱਕ ਅਧਿਕਾਰੀ ਤਾਇਨਾਤ ਕੀਤਾ ਹੈ ਜੋ ਹਫ਼ਤੇ ’ਚ ਦੋ ਵਾਰ ਸਾਈਟ ਦਾ ਦੌਰਾ ਕਰਦਾ ਹੈ।
ਸਾਲ 2016 ਵਿੱਚ ਜ਼ਮੀਨ ਅਲਾਟ ਹੋਣ ਤੋਂ ਬਾਅਦ ਇਹ ਪ੍ਰੋਜੈਕਟ ਕਈ ਦੇਰੀਆਂ ਅਤੇ ਯੋਜਨਾਵਾਂ ਵਿੱਚ ਬਦਲਾਅ ਦਾ ਸਾਹਮਣਾ ਕਰ ਚੁੱਕਾ ਹੈ। ਪਹਿਲਾਂ ਇੱਥੇ ਪ੍ਰੀ-ਫੈਬਰੀਕੇਟਿਡ ਢਾਂਚਾ ਲਗਾਉਣ ਦਾ ਪ੍ਰਸਤਾਵ ਸੀ, ਜੋ ਸਿਰੇ ਨਹੀਂ ਚੜ੍ਹ ਸਕਿਆ। ਇਸ ਤੋਂ ਬਾਅਦ ਸੈਂਟਰ ਨੂੰ ਕੋਟਕਪੂਰਾ ਰੋਡ ’ਤੇ ਇੱਕ ਨਿੱਜੀ ਕਾਲਜ ਦੀ ਕਿਰਾਏ ਦੀ ਇਮਾਰਤ ’ਚ ਤਬਦੀਲ ਕਰਨ ਦਾ ਸੁਝਾਅ ਵੀ ਰੱਦ ਹੋ ਗਿਆ। ਇੱਕ ਹੋਰ ਪ੍ਰਸਤਾਵ ਇਸ ਸੈਂਟਰ ਨੂੰ ਗਿੱਦੜਬਾਹਾ ਹਲਕੇ ਦੇ ਪਿੰਡ ਕਾਉਣੀ ਸਥਿਤ ਪੰਜਾਬ ਯੂਨੀਵਰਸਿਟੀ ਦਿਹਾਤੀ ਕੇਂਦਰ ਨਾਲ ਮਿਲਾਉਣ ਦਾ ਸੀ, ਪਰ ਭਾਰੀ ਵਿਵਾਦ ਤੋਂ ਬਾਅਦ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਦਸੰਬਰ 2021 ਵਿੱਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ, ਪਰ ਉਹ ਫੰਡ ਨਾ ਮਿਲਣ ਕਾਰਨ ਕੰਮ ਹੋਰ ਲਮਕ ਗਿਆ ਸੀ।

