ਲੜੀ ਨੰਬਰ 3

ਜਵਾਨੀ ਵਿੱਚ ਵਿਧਵਾ ਹੋਈ ਰਾਜਬੀਰ ਲਈ ਪੈਂਡਾ ਔਖਾ

ਜਵਾਨੀ ਵਿੱਚ ਵਿਧਵਾ ਹੋਈ ਰਾਜਬੀਰ ਲਈ ਪੈਂਡਾ ਔਖਾ

ਰਾਜਬੀਰ ਕੌਰ ਆਪਣੀ ਬੇਟੀ ਅਤੇ ਬੇਟੇ ਨਾਲ।

ਹਮੀਰ ਸਿੰਘ
ਠੱਕਰਪੁਰਾ (ਪੱਟੀ), 2 ਜੁਲਾਈ

ਪੱਟੀ ਸ਼ਹਿਰ ਦੀ ਸਰਹੱਦ ਨਾਲ ਜੁੜੇ ਪਿੰਡ ਠੱਕਰਪੁਰਾ ਦੀ ਰਾਜਬੀਰ ਕੌਰ 28 ਕੁ ਸਾਲ ਦੀ ਉਮਰ ਵਿੱਚ ਹੀ ਵਿਧਵਾ ਹੋ ਗਈ। ਉਸ ਨੂੰ ਆਪਣੇ ਪਤੀ ਦੇ ਨਸ਼ੇ ਦੀ ਦਲਦਲ ਵੱਲ ਜਾਣ ਦਾ ਕਾਫੀ ਦੇਰ ਬਾਅਦ ਪਤਾ ਲੱਗਿਆ। ਉਹ ਹੁਣ ਆਪਣੇ ਦੋਵਾਂ ਛੋਟੇ ਬੱਚਿਆਂ ਦੇ ਵੱਡੇ ਹੋਣ ਦੀ ਉਡੀਕ ਵਿੱਚ ਜੀਵਨ ਗੁਜ਼ਾਰ ਰਹੀ ਹੈ।

ਪਰਿਵਾਰ ਕੋਲ ਡੇਢ ਕਿੱਲਾ ਜ਼ਮੀਨ ਹੋਣ ਕਾਰਨ ਗੁਜ਼ਾਰਾ ਕਰਨਾ ਮੁਸ਼ਕਿਲ ਸੀ। ਉਸ ਦਾ ਸਹੁਰਾ ਮੁਖਤਿਆਰ ਸਿੰਘ ਫੌਜ ਵਿੱਚੋਂ ਪੂਰੀ ਨੌਕਰੀ ਕਰਨ ਤੋਂ ਪਹਿਲਾਂ ਸੇਵਾਮੁਕਤ ਹੋਇਆ। ਇਸ ਕਰ ਕੇ ਉਸ ਨੂੰ ਪੈਨਸ਼ਨ ਵੀ ਪੂਰੀ ਨਹੀਂ ਮਿਲਦੀ।

ਮੁਖਤਿਆਰ ਦੇ ਪੁੱਤਰ ਕਰਨੈਲ ਸਿੰਘ ਅਤੇ ਉਸ ਦੇ ਵੱਡੇ ਭਰਾ ਦੇ ਵਿਆਹ ਪਿੱਛੋਂ ਪਰਿਵਾਰ ਦਾ ਕੰਮ ਮੁਸ਼ਕਿਲ ਨਾਲ ਚੱਲਦਾ ਸੀ। ਇਸ ਤੋਂ ਬਾਅਦ ਦੋਵੇਂ ਭਰਾ ਬਜ਼ੁਰਗ ਮਾਪਿਆਂ ਤੋਂ ਵੱਖਰੇ ਰਹਿਣ ਲੱਗ ਪਏ। ਉਸ ਦੀ ਸੱਸ ਦਲਜੀਤ ਕੌਰ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਰੱਖਿਆ। ਇਸ ਕਰਕੇ ਬਜ਼ੁਰਗ ਦੀ ਪੈਨਸ਼ਨ ਦਾ ਪੈਸਾ ਇਲਾਜ ਲਈ ਪੂਰਾ ਨਹੀਂ ਪੈਂਦਾ ਸੀ। ਘਰ ਦਾ ਗੁਜ਼ਾਰਾ ਚਲਾਉਣ ਲਈ ਰਾਜਬੀਰ ਦਾ ਪਤੀ ਕਰਨੈਲ ਸਿੰਘ ਭੱਠੇ ’ਤੇ ਮੁਨਸ਼ੀ ਲੱਗ ਗਿਆ। ਇਸ ਦੌਰਾਨ ਉਹ ਨਸ਼ੇ ਕਰਨ ਲੱਗ ਪਿਆ।

ਰਾਜਬੀਰ ਨੇ ਦੱਸਿਆ ਕਿ ਉਸ ਦਾ ਪਤੀ ਪੈਸਾ ਨਾ ਮਿਲਣ ’ਤੇ ਡਰਾਵਾ ਦੇ ਕੇ ਘਰੋਂ ਭੱਜ ਜਾਂਦਾ ਸੀ। ਪਹਿਲਾਂ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਸ ਦਾ ਪਤੀ ਨਸ਼ਾ ਕਰਦਾ ਹੈ ਪਰ ਜਦੋਂ ਉਸ ਦੇ ਪਤੀ ਦੀ ਹਾਲਤ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਗਈ ਤਾਂ ਪਤਾ ਲੱਗਾ ਕਿ ਉਹ ਸਮੈਕ ਅਤੇ ਹੈਰੋਇਨ ਵਰਗੇ ਨਸ਼ੇ ਦੇ ਜਾਲ ਵਿੱਚ ਫਸ ਚੁੱਕਾ ਹੈ। ਉਨ੍ਹਾਂ ਉਸ ਦਾ ਨਸ਼ਾ ਛੁਡਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਹੀਂ ਹੋਇਆ। ਜਦੋਂ ਉਸ ਦੇ ਪਤੀ ਦੀ ਸਾਲ 2016 ਵਿੱਚ ਮੌਤ ਹੋ ਗਈ ਉਸ ਵੇਲੇ ਉਹ 32 ਵਰ੍ਹਿਆਂ ਦਾ ਸੀ। ਕਰਨੈਲ ਸਿੰਘ ਦੀ ਮੌਤ ਸਮੇਂ ਬੇਟਾ ਜਗਮੋਹਨ ਪ੍ਰੀਤ ਤਿੰਨ ਸਾਲਾਂ ਦਾ ਅਤੇ ਬੇਟੀ ਅਨਮੋਲ ਪ੍ਰੀਤ ਅੱਠ ਸਾਲਾਂ ਦੀ ਸੀ। ਹੁਣ ਉਹ ਸੱਤਵੀਂ ਵਿੱਚ ਪੜ੍ਹਦੀ ਹੈ ਅਤੇ ਬੇਟਾ ਪਹਿਲੀ ਕਲਾਸ ਵਿੱਚ ਹੈ।

ਰਾਜਬੀਰ ਅਜਿਹੀ ਉਮਰੇ ਵਿਧਵਾ ਹੋਈ ਕਿ ਅੱਗੇ ਪਹਾੜ ਜਿੱਡੀ ਜ਼ਿੰਦਗੀ ਖੜ੍ਹੀ ਹੈ। ਹੁਣ ਉਹ ਇਸ ਆਸ ਨਾਲ ਹੀ ਜਿਉਂਦੀ ਹੈ ਕਿ ਕਿਸੇ ਤਰੀਕੇ ਬੱਚੇ ਪੜ੍ਹ ਜਾਣ। ਉਨ੍ਹਾਂ ਦੀ ਤਾਲਾਬੰਦੀ ਦੌਰਾਨ ਕੋਈ ਆਮਦਨ ਹੀ ਨਹੀਂ ਪਰ ਸਕੂਲ ਵਾਲੇ ਦੋਵਾਂ ਬੱਚਿਆਂ ਦੀ ਲਗਪਗ ਪੰਜ ਹਜ਼ਾਰ ਰੁਪਏ ਮਹੀਨਾ ਫੀਸ ਮੰਗਦੇ ਹਨ। ਉਸ ਨੇ ਪ੍ਰਬੰਧਕਾਂ ਕੋਲ ਜਾ ਕੇ ਕੁਝ ਛੋਟ ਦੇਣ ਦੀ ਫਰਿਆਦ ਵੀ ਕੀਤੀ ਪਰ ਕਿਸੇ ਨੇ ਨਹੀਂ ਸੁਣੀ। ਉਸ ਦਾ ਸਹੁਰਾ ਪਰਿਵਾਰ ਥੋੜ੍ਹੀ ਬਹੁਤ ਮਦਦ ਕਰਦਾ ਹੈ। ਦੋ ਕਮਰੇ ਵੀ ਉਨ੍ਹਾਂ ਨੇ ਪਾ ਕੇ ਦਿੱਤੇ ਹਨ। ਡੇਢ ਏਕੜ ਜ਼ਮੀਨ ਅਜੇ ਸਹੁਰੇ ਕੋਲ ਹੀ ਹੈ। ਇਸ ਤੋਂ ਵੀ ਹੋਰ ਔਖਾ ਕੰਮ ਇਕੱਲੀ ਔਰਤ ਨੂੰ ਬਾਹਰ ਜਾ ਕੇ ਕੰਮ ਕਰਨਾ ਹੈ। ਉਸ ਨੂੰ ਆਉਂਦੀ ਜਾਂਦੀ ਨੂੰ ਕਈ ਜਣੇ ਤੰਗ ਕਰਦੇ ਹਨ। ਰਾਜਬੀਰ ਨੇ ਦੱਸਿਆ ਕਿ ਹੁਣ ਵੀ ਨਸ਼ੇ ਦੀ ਸਪਲਾਈ ਪਹਿਲਾਂ ਨਾਲੋਂ ਵੀ ਵੱਧ ਹੈ। ਮੁਖਤਿਆਰ ਸਿੰਘ ਨੂੰ ਗਰੀਬੀ ਦਾ ਮਲਾਲ ਹੈ। ਉਸ ਨੇ ਕਿਹਾ ਕਿ ਜਿਸ ਕੋਲ ਪੈਸਾ ਹੈ ਉਹ ਤਾਂ ਬੱਚਿਆਂ ਨੂੰ ਵਿਦੇਸ਼ ਭੇਜ ਦਿੰਦੇ ਹਨ ਪਰ ਉਨ੍ਹਾਂ ਦੀ ਕਮਾਈ ਸੀਮਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All