ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਨਵੰਬਰ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੂਬੇ ਵਿੱਚੋਂ ਉਨ੍ਹਾਂ 1.28 ਲੱਖ ਏਕੜ ਪੰਚਾਇਤੀ ਜ਼ਮੀਨਾਂ ਦੀ ਸ਼ਨਾਖਤ ਕੀਤੀ ਹੈ, ਜਿਨ੍ਹਾਂ ਦਾ ਪਹਿਲਾਂ ਕੋਈ ਇਲਮ ਨਹੀਂ ਸੀ। ਪੰਚਾਇਤ ਮਹਿਕਮੇ ਨੇ ਮਾਲ ਰਿਕਾਰਡ ਦੀ ਜਦੋਂ ਫਰੋਲਾ-ਫਰਾਲੀ ਕੀਤੀ ਤਾਂ ਪੰਚਾਇਤਾਂ ਦੀ ਮਾਲਕੀ ਵਾਲੀਆਂ ਸਵਾ ਲੱਖ ਏਕੜ ਜ਼ਮੀਨਾਂ ਹੋਰ ਲੱਭ ਗਈਆਂ। ਇਨ੍ਹਾਂ ਵਿੱਚ 42 ਹਜ਼ਾਰ ਏਕੜ ਵਾਹੀਯੋਗ ਜ਼ਮੀਨਾਂ ਹਨ। ਇਨ੍ਹਾਂ ਜ਼ਮੀਨਾਂ ਦੀ ਸ਼ਨਾਖਤ ਲਈ ਕੁੱਲ 154 ਬਲਾਕਾਂ ‘ਚੋਂ 150 ਬਲਾਕਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ।
ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਅੱਜ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਹ ਖੁਲਾਸਾ ਕਰਦਿਆਂ ਇਨ੍ਹਾਂ ਜ਼ਮੀਨਾਂ ਦਾ ਕਬਜ਼ਾ ਲੈਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਉੁਨ੍ਹਾਂ ਨੇ ਅਧਿਕਾਰੀਆਂ ਨੂੰ ਨਿਰੇਦਸ਼ ਦਿੱਤੇ ਹਨ ਕਿ ਪਿੰਡਾਂ ਵਿੱਚ ਵਿਕਾਸ ਦੇ ਟੀਚੇ ਸਮਾਂਬੱਧ ਪੂਰੇ ਕੀਤੇ ਜਾਣ।
ਪੇਂਡੂ ਵਿਕਾਸ ਮੰਤਰੀ ਨੇ ਅੱਜ ਇਥੇ ਵਿਭਾਗ ਦੇ ਵਿੱਤੀ ਕਮਿਸ਼ਨਰ ਕੇ ਸ਼ਿਵਾ ਪ੍ਰਸਾਦ, ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਸੰਯੁਕਤ ਕਮਿਸ਼ਨਰ ਵਿਕਾਸ ਅਮਿਤ ਕੁਮਾਰ ਦੀ ਮੌਜੂਦਗੀ ਵਿੱਚ ਵਧੀਕ ਡਿਪਟੀ ਕਮਿਸ਼ਨਰਾਂ (ਵਿਕਾਸ) ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਹੁਕਮ ਜਾਰੀ ਕੀਤੇ ਹਨ ਕਿ 31 ਮਾਰਚ ਨੂੰ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਵਿੱਚ ਕੀਤੇ ਵਿਕਾਸ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇ ਕਿਉਂਕਿ ਉਸੇ ਦਿਨ ਇਨ੍ਹਾਂ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਜਾਵੇਗੀ, ਇਸ ਲਈ ਸਾਰੇ ਵਿਕਾਸ ਕਾਰਜ ਸਮਾਂ ਰਹਿੰਦੇ ਪੂਰੇ ਕਰ ਲਏ ਜਾਣ।
ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਵੀ ਦਿੱਤੀ ਕਿ ਤੈਅ ਟੀਚੇ ਪੂਰੇ ਨਾ ਕਰਨ ਅਤੇ ਸਕੀਮਾਂ ਦੀਆਂ ਗ੍ਰਾਂਟਾਂ ਦੇ ਪੈਸੇ ਦੀ ਪੂਰੀ ਅਤੇ ਸਹੀ ਵਰਤੋਂ ਨਾ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।