ਪਾਕਿਸਤਾਨ ਨੇ ਕੀਤੀ ਸੀ ਭਾਰਤ ਨੂੰ ਜੰਗਬੰਦੀ ਦੀ ਅਪੀਲ: ਡਾਰ
ਅਜੈ ਬੈਨਰਜੀ
ਨਵੀਂ ਦਿੱਲੀ, 20 ਜੂਨ
ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਾਕ ਡਾਰ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਨੇ ਭਾਰਤ ਨੂੰ ਜੰਗਬੰਦੀ ਦੀ ਅਪੀਲ ਕੀਤੀ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲ ਹੀ ਵਿੱਚ ਹੋਏ ਟਕਰਾਅ ਦੌਰਾਨ ਭਾਰਤ ਨੇ ਰਾਵਲਪਿੰਡੀ ਵਿੱਚ ਨੂਰ ਖਾਨ ਅਤੇ ਪੰਜਾਬ ਵਿੱਚ ਸ਼ੋਰਕੋਟ (ਪੀਏਐੱਫ ਬੇਸ ਰਫ਼ੀਕੀ) ਨਾਮ ਦੇ ਦੋ ਪ੍ਰਮੁੱਖ ਪਾਕਿਸਤਾਨੀ ਹਵਾਈ ਟਿਕਾਣਿਆਂ ’ਤੇ ਹਮਲਾ ਕੀਤਾ ਸੀ। ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸ਼ੁਰੂ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਤੋਂ ਬਾਅਦ ਦੋਵੇਂ ਦੇਸ਼ ਪੂਰੀ ਤਰ੍ਹਾਂ ਆਹਮੋ-ਸਾਹਮਣੇ ਹੋ ਚੁੱਕੇ ਸਨ।
ਡਾਰ ਨੇ ਟੀਵੀ ਨੂੰ ਦਿੱਤੇ ਇੰਟਰਵਿਊ ਦੌਰਾਨ ਖੁਲਾਸਾ ਕੀਤਾ, ‘‘ਹਮਲੇ ਤੋਂ ਬਾਅਦ ਪਾਕਿਸਤਾਨ ਨੇ ਤਣਾਅ ਘੱਟ ਕਰਨ ਲਈ ਅਮਰੀਕਾ ਅਤੇ ਸਾਊਦੀ ਅਰਬ ਤੋਂ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਸੀ। ਬਦਕਿਸਮਤੀ ਨਾਲ, ਭਾਰਤ ਨੇ ਇਕ ਵਾਰ ਮੁੜ ਤੋਂ ਤੜਕੇ 2.30 ਵਜੇ ਮਿਜ਼ਾਈਲ ਹਮਲੇ ਕੀਤੇ। ਉਨ੍ਹਾਂ ਨੂਰ ਖਾਨ ਏਅਰ ਬੇਸ ਅਤੇ ਸ਼ੋਰਕੋਟ ਏਅਰ ਬੇਸ ’ਤੇ ਹਮਲਾ ਕੀਤਾ। 45 ਮਿੰਟ ਦੇ ਅੰਦਰ, ਸਾਊਦੀ ਅਰਬ ਦੇ ਸ਼ਹਿਜ਼ਾਦੇ ਫੈਸਲ ਨੇ ਮੈਨੂੰ ਫੋਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣੇ-ਹੁਣੇ (ਅਮਰੀਕੀ ਵਿਦੇਸ਼ ਮੰਤਰੀ) ਮਾਰਕੋ ਰੂਬੀਓ ਨਾਲ ਮੇਰੀ ਗੱਲਬਾਤ ਬਾਰੇ ਪਤਾ ਲੱਗਿਆ ਹੈ। ਸ਼ਹਿਜ਼ਾਦੇ ਨੇ ਮੈਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕਰਨ ਅਤੇ ਇਹ ਦੱਸਣ ਦਾ ਅਧਿਕਾਰ ਹੈ ਕਿ ਜੇ ਭਾਰਤ ਜੰਗ ਰੋਕਦਾ ਹੈ ਤਾਂ ਪਾਕਿਸਤਾਨ ਗੱਲਬਾਤ ਕਰਨ ਲਈ ਤਿਆਰ ਹੈ। ਮੈਂ ਕਿਹਾ ਬਿਲਕੁਲ ਭਾਈਜਾਨ, ਤੁਸੀਂ ਕਰ ਸਕਦੇ ਹੋ। ਫਿਰ ਉਨ੍ਹਾਂ ਨੇ ਮੈਨੂੰ ਵਾਪਸ ਫੋਨ ਕਰ ਕੇ ਕਿਹਾ ਕਿ ਉਨ੍ਹਾਂ ਨੇ ਜੈਸ਼ੰਕਰ ਤੱਕ ਉਹੀ ਗੱਲ ਪਹੁੰਚਾ ਦਿੱਤੀ ਹੈ।’’