ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਜੂਨ
ਪੰਜਾਬ ਭਰ ਵਿਚ ਅੱਜ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ। ਕੋਵਿਡ-19 ਸੰਕਟ ਕਾਰਨ ਕਿਸਾਨਾਂ ਨੂੰ ਭਾਵੇਂ ਪਰਵਾਸੀ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੰਜਾਬੀ ਮਜ਼ਦੂਰਾਂ ਦੇ ਸਹਾਰੇ ਕਿਸਾਨ ਝੋਨੇ ਦੀ ਲਵਾਈ ਵਿਚ ਜੁਟ ਗਏ ਹਨ।
ਜ਼ਿਲ੍ਹਾ ਸੰਗਰੂਰ ਵਿਚ ਕਰੀਬ 2.76 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਾਇਆ ਜਾਣਾ ਹੈ। ਭਾਵੇਂ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮਸ਼ੀਨਾਂ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਪੂਰੀ ਮੁਹਿੰਮ ਚਲਾਈ ਗਈ ਸੀ ਜਿਸ ਤਹਿਤ ਕਿਸਾਨਾਂ ਨੇ ਕੁੱਝ ਰਕਬੇ ਵਿਚ ਸਿੱਧੀ ਬਿਜਾਈ ਕੀਤੀ ਵੀ ਹੈ ਪਰ ਕਿਸਾਨ ਰਵਾਇਤ ਮੁਤਾਬਕ ਜ਼ਮੀਨ ਦਾ ਕੱਦੂ ਕਰਕੇ ਝੋਨੇ ਦੀ ਲਵਾਈ ’ਤੇ ਹੀ ਜ਼ਿਆਦਾ ਭਰੋਸਾ ਜਤਾਉਂਦੇ ਹਨ। ਜ਼ਿਲ੍ਹਾ ਸੰਗਰੂਰ ਵਿਚ ਹੁਣ ਤੱਕ ਸਿਰਫ਼ 29 ਹਜ਼ਾਰ ਹੈਕਟੇਅਰ ਰਕਬੇ ਵਿਚ ਹੀ ਝੋਨੇ ਦੀ ਸਿੱਧੀ ਬਿਜਾਈ ਹੀ ਹੋ ਸਕਦੀ ਹੈ। ਪਰਵਾਸੀ ਮਜ਼ਦਰੂਾਂ ਦੀ ਘਾਟ ਕਾਰਨ ਝੋਨੇ ਦੀ ਲਵਾਈ ਨਿਸ਼ਚਿਤ ਸਮੇਂ ਤੋਂ ਵੱਧ ਸਮੇਂ ਤੱਕ ਚੱਲਣ ਦੀ ਸੰਭਾਵਨਾ ਹੈ। ਕਿਸਾਨ ਮਜ਼ਦੂਰਾਂ ਲੇਬਰ ਦਾ ਜੁਗਾੜ ਕਰਨ ਲਈ ਇਧਰ-ਉਧਰ ਯਤਨ ਕਰ ਰਹੇ ਹਨ।