ਰਵੇਲ ਸਿੰਘ ਭਿੰਡਰ
ਪਟਿਆਲਾ, 11 ਜੂਨ
ਝੋਨੇ ਦੇ ਸੀਜ਼ਨ ਦੇ ਦੂਜੇ ਦਿਨ ਅੱਜ ਬਿਜਲੀ ਦਾ ਲੋਡ 10 ਹਜ਼ਾਰ ਮੈਗਾਵਾਟ ਨੂੰ ਟੱਪ ਗਿਆ ਹੈ। ਬਿਜਲੀ ਦੀ ਮੰਗ ਦੇ ਟਾਕਰੇ ਲਈ ਅੱਜ ਪਾਵਰਕੌਮ ਨੇ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਦੂਜੀ ਯੂਨਿਟ ਵੀ ਭਖਾ ਦਿੱਤੀ ਹੈ।
ਝੋਨੇ ਦੀ ਲੁਆਈ ਦੇ ਦੂਜੇ ਦਿਨ ਅੱਜ ਬਿਜਲੀ ਦੀ ਮੰਗ ਨੇ ਵੱਡੀ ਛਲਾਂਗ ਲਗਾਈ, ਲਿਹਾਜ਼ਾ ਦੁਪਹਿਰ ਦੌਰਾਨ ਬਿਜਲੀ ਦਾ ਲੋਡ 10,181 ਮੈਗਾਵਾਟ ਮਾਪਿਆ ਗਿਆ। ਬਿਜਲੀ ਦੀ ਮੰਗ ਦੇ ਤੇਜ਼ੀ ਨਾਲ ਵਾਧੇ ਤੋਂ ਪਾਵਰਕੌਮ ਦੇ ਗਲਿਆਰਿਆਂ ਵਿਚ ਅੱਜ ਚਿੰਤਾ ਪਾਈ ਗਈ। ਹਾਲੇ ਮੁਕੰਮਲ ਟਿਊਬਵੈੱਲ ਸਰਗਰਮ ਨਹੀਂ ਹੋਏ ਤੇ ਔੜ ਵੀ ਹਾਲੇ ਨਹੀਂ ਪਨਪੀ, ਅਜਿਹੇ ਸੁਖਾਵੇਂ ਮਾਹੌਲ ਦੇ ਬਾਵਜੂਦ ਬਿਜਲੀ ਦੀ ਮੰਗ ਵਧ ਰਹੀ ਹੈ। ਬਿਜਲੀ ਮੰਗ ਦੇ ਵਾਧੇ ਦੇ ਮੱਦੇਨਜ਼ਰ ਅੱਜ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਦੂਜਾ ਯੂਨਿਟ ਵੀ ਭਖਾਇਆ ਗਿਆ ਹੈ। ਰਾਜਪੁਰਾ ਥਰਮਲ ਪਲਾਂਟ ਵੀ ਪੂਰੀ ਸਮੱਰਥਾ ’ਤੇ ਪੈਦਾਵਾਰ ਕਰ ਰਿਹਾ ਹੈ।
ਸੀਐੱਮਡੀ ਨੇ ਕੀਤੀ ਸਮੀਖਿਆ ਬੈਠਕ
ਪਾਵਰਕੌਮ ਦੇ ਨਵੇਂ ਸੀਐੱਮਡੀ ਤੇ ਪੰਜਾਬ ਸਰਕਾਰ ਦੇ ਸੀਨੀਅਰ ਆਈਏਐੱਸ ਅਧਿਕਾਰੀ ਏ.ਵੇਣੂ ਪ੍ਰਸਾਦ ਨੇ ਅੱਜ ਪਾਵਰਕੌਮ ਦੇ ਮੁੱਖ ਦਫ਼ਤਰ ਅੰਦਰ ਸੀਐੱਮਡੀ ਵਜੋਂ ਨਿਯੁਕਤੀ ਮਗਰੋਂ ਪਹਿਲੀ ਫੇਰੀ ਪਾਈ। ਉਨ੍ਹਾਂ ਨੇ ਅਦਾਰੇ ਦੇ ਉੱਚ ਅਧਿਕਾਰੀਆਂ ਨਾਲ ਬੈਠਕਾਂ ਕਰ ਕੇ ਬਿਜਲੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਖਾਸ ਕਰਕੇ ‘ਵੰਡ’ ਖੇਤਰ ਨੂੰ ਪੈਡੀ ਸੀਜ਼ਨ ਦੌਰਾਨ ਵਧੇਰੇ ਚੌਕਸੀ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਪਾਵਕਰੌਮ ਦੇ ਡਾਇਰੈਕਟਰ ‘ਪ੍ਰਬੰਧਕੀ’ ਆਰ.ਪੀ. ਪਾਂਡਵ ਤੇ ਡਾਇਰੈਕਟਰ ‘ਐਫ’ ਜਤਿੰਦਰ ਗੋਇਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਏ.ਵੇਣੂ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਅਦਾਰੇ ਦੀਆਂ ਡਾਇਰੈਕਟਰ ਪੱੱਧਰ ਦੀਆਂ ਤਿੰਨ ਆਸਾਮੀਆਂ ਪੁਰ ਕੀਤੀਆਂ ਜਾ ਰਹੀਆਂ ਹਨ।