DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Paddy procurement: ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ਝੋਨੇ ਨਾਲ ਨੱਕੋ-ਨੱਕ ਭਰੀਆਂ, ਲਿਫ਼ਟਿੰਗ ਦੀ ਰਫ਼ਤਾਰ ’ਤੇ ਉੱਠੇ ਸਵਾਲ

ਬੋਰੀਆਂ ਦੇ ਅੰਬਾਰ ਲੱਗਣ ਕਾਰਨ ਨਵੀਂ ਫ਼ਸਲ ਉਤਾਰਨ ਲਈ ਥਾਂ ਮੁੱਕੀ; ਕੱਚੇ ਫ਼ਰਸ਼ਾਂ ’ਤੇ ਢੇਰੀਆਂ ਲਾਉਣ ਲਈ ਮਜਬੂਰ ਹੋਏ ਅੰਨਦਾਤਾ

  • fb
  • twitter
  • whatsapp
  • whatsapp
Advertisement

ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਜਾਰੀ ਹੋਣ ਦੇ ਨਾਲ-ਨਾਲ ਲਿਫ਼ਟਿੰਗ (ਚੁਕਾਈ) ਦੀ ਰਫ਼ਤਾਰ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਮਹਿਮਾ ਸਰਜਾ ਦੀ ਦਾਣਾ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗਣ ਕਾਰਨ ਨਵੀਂ ਫ਼ਸਲ ਉਤਾਰਨ ਲਈ ਥਾਂ ਦੀ ਘਾਟ ਪੈਦਾ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਚੁਕਾਈ ਵਿੱਚ ਦੇਰੀ ਕਾਰਨ ਉਨ੍ਹਾਂ ਨੂੰ ਮੰਡੀਆਂ ਵਿੱਚ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ।

ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਮਹਿਮਾ ਨੇ ਮਹਿਮਾ ਸਰਜਾ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਕਿਸਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਪਈਆਂ ਹੋਣ ਕਾਰਨ ਨਵੀਂ ਫ਼ਸਲ ਉਤਾਰਨ ਲਈ ਜਗ੍ਹਾ ਨਹੀਂ ਬਚੀ। ਮਜਬੂਰੀਵੱਸ ਉਨ੍ਹਾਂ ਨੂੰ ਝੋਨਾ ਕੱਚੇ ਫ਼ਰਸ਼ ’ਤੇ ਉਤਾਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਝੋਨੇ ਦੀ ਸਫ਼ਾਈ ਅਤੇ ਝਾਰ ਲਗਾਉਣ ਲਈ ਵੀ ਲੋੜੀਂਦੀ ਥਾਂ ਨਹੀਂ ਮਿਲ ਰਹੀ।

Advertisement

ਕਿਸਾਨਾਂ ਮੁਤਾਬਕ ਜਿਨ੍ਹਾਂ ਦੀ ਫ਼ਸਲ ਵਿੱਚ ਨਮੀ ਦੀ ਮਾਤਰਾ 17 ਫ਼ੀਸਦੀ ਤੱਕ ਹੈ, ਉਨ੍ਹਾਂ ਨੂੰ ਵੀ ਪਿਛਲੇ 10-10 ਦਿਨਾਂ ਤੋਂ ਮੰਡੀ ਵਿੱਚ ਉਡੀਕ ਕਰਨੀ ਪੈ ਰਹੀ ਹੈ। ਇਸ ਕਾਰਨ ਉਨ੍ਹਾਂ ਦਾ ਸਮਾਂ ਬਰਬਾਦ ਹੋ ਰਿਹਾ ਹੈ ਅਤੇ ਫ਼ਸਲ ਵੇਚਣ ਦੀ ਪ੍ਰਕਿਰਿਆ ਵਿੱਚ ਦੇਰੀ ਹੋ ਰਹੀ ਹੈ।

Advertisement

ਬਠਿੰਡਾ ਜ਼ਿਲ੍ਹੇ ਦੇ ਮਹਿਮਾ ਸਰਜਾ, ਦਿਉਣ, ਜੰਡਾਂਵਾਲਾ, ਬੱਲੂਆਣਾ, ਅਬਲੂ, ਗੋਨਿਆਣਾ, ਭੁੱਚੋ ਮੰਡੀ, ਰਾਮਪੁਰਾ ਫੂਲ, ਮੌੜ, ਰਾਮਾਂ, ਸੰਗਤ, ਤਲਵੰਡੀ ਸਾਬੋ, ਮਹਿਰਾਜ, ਪੀਰਕੋਟ ਅਤੇ ਖੋਖਰ ਸਮੇਤ ਵੱਖ-ਵੱਖ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਲਿਫ਼ਟਿੰਗ ਦਾ ਕੰਮ ਕੀੜੀ ਦੀ ਤੋਰ ਚੱਲ ਰਿਹਾ ਹੈ।

ਲਖਵਿੰਦਰ ਸਿੰਘ ਲੱਖਾ ਮਹਿਮਾ ਅਤੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਮਹਿਮਾ ਸਰਜਾ ਮੰਡੀ ਵਿੱਚ ਪਈਆਂ ਝੋਨੇ ਦੀਆਂ ਬੋਰੀਆਂ ਦੀ ਤੁਰੰਤ ਚੁਕਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਚੁਕਾਈ ਵਿੱਚ ਤੇਜ਼ੀ ਆਉਣ ਨਾਲ ਮੰਡੀ ਵਿੱਚ ਨਵੀਂ ਫ਼ਸਲ ਉਤਾਰਨ ਲਈ ਥਾਂ ਬਣੇਗੀ ਅਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਰਾਹਤ ਮਿਲੇਗੀ।

Advertisement
×