ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮੁਹਾਲੀ ਦੇ ਕਾਲਕਟ ਭਵਨ (ਕਿਸਾਨ ਵਿਕਾਸ ਚੈਂਬਰ) ਵਿੱਚ ਰਾਜ ਸਰਕਾਰ ਦੀ ਮੁਹਿੰਮ ‘ਸਾਡੇ ਬਜ਼ੁਰਗ, ਸਾਡਾ ਮਾਣ’ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਸਨਮਾਨਯੋਗ ਅਤੇ ਸੁਰੱਖਿਅਤ ਜੀਵਨ ਮੁਹੱਈਆ ਕਰਵਾਉਣ ਲਈ ਦ੍ਰਿੜ੍ਹ ਹੈ। ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਦੇ ਦੂਜੇ ਗੇੜ ਤਹਿਤ 786 ਲੱਖ ਰੁਪਏ ਦੀ ਰਕਮ ਜ਼ਿਲ੍ਹਾ ਪੱਧਰੀ ਕੈਂਪਾਂ ਲਈ ਰੱਖੀ ਗਈ ਹੈ। ਪਹਿਲੇ ਗੇੜ ਦੌਰਾਨ 2023 ਵਿੱਚ 20,210 ਬਜ਼ੁਰਗਾਂ ਦੀ ਰਜਿਸਟ੍ਰੇਸ਼ਨ ਹੋਈ। ਹੁਣ ਦੂਜੇ ਗੇੜ ਤਹਿਤ 2 ਤੋਂ 18 ਫਰਵਰੀ ਤੱਕ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਕੈਂਪ ਲਗਾਏ ਜਾਣਗੇ। ਕੈਂਪਾਂ ਵਿੱਚ ਅੱਖਾਂ, ਕੰਨ-ਨੱਕ-ਗਲੇ ਅਤੇ ਹੱਡੀਆਂ ਦੀ ਜਾਂਚ ਕੀਤੀ ਜਾਵੇਗੀ, ਗੈਰ-ਸੰਚਾਰੀ ਬਿਮਾਰੀਆਂ ਅਤੇ ਡਿਮੈਂਸ਼ੀਆ ਦੀ ਸਕ੍ਰੀਨਿੰਗ, ਹੋਮਿਓਪੈਥੀ ਅਤੇ ਆਯੁਰਵੈਦਿਕ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਨਾਲ ਹੀ ਸਮਾਜਿਕ ਸੁਰੱਖਿਆ ਪੈਨਸ਼ਨਾਂ ਲਈ ਤੁਰੰਤ ਅਰਜ਼ੀਆਂ, ਸੀਨੀਅਰ ਸਿਟੀਜ਼ਨ ਕਾਰਡ ਅਤੇ ਐਲਿਮਕੋ ਕਾਰਡ ਵੀ ਜਾਰੀ ਕੀਤੇ ਜਾ ਰਹੇ ਹਨ। ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਦਸੰਬਰ 2025 ਤੱਕ ਜਾਰੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਬਜ਼ੁਰਗਾਂ ਦੀ ਭਲਾਈ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

