ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਸਤੰਬਰ
ਕਰੋਨਾਵਾਇਰਸ ਦੌਰਾਨ ਮਨੁੱਖੀ ਜਾਨਾਂ ਬਚਾਉਣ ਅਤੇ ਕਰੋਨਾ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਮੁੱਖ ਮਕੱਤਰ ਵਿੰਨੀ ਮਹਾਜਨ ਨੇ ਅੱਜ ਆਕਸੀਜਨ ਉਤਪਾਦਨ ਨਾਲ ਜੁੜੀਆਂ ਸਨਅਤਾਂ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ। ਇਸ ਦੌਰਾਨ ਮੁੱਖ ਮਕੱਤਰ ਨੇ ਸਨਅਤਾਂ ਦੇ ਨੁਮਾਇੰਦਿਆਂ ਨੂੰ ਮੈਡੀਕਲ ਆਕਸੀਜਨ ਦੇ ਉਤਪਾਦਨ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਸਬੰਧਤ ਵਿਭਾਗਾਂ ਨੂੰ ਮੈਡੀਕਲ ਆਕਸੀਜਨ ਯੂਨਿਟਾਂ ਨੂੰ ਖਾਲੀ ਸਿਲੰਡਰਾਂ ਦੀ ਸਪਲਾਈ ਅਤੇ ਇਨ੍ਹਾਂ ਯੂਨਿਟਾਂ ਨੂੰ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਸ੍ਰੀਮਤੀ ਮਹਾਜਨ ਨੇ ਕਿਹਾ ਕਿ ਸੂਬੇ ਵਿੱਚ ਕੋਵਿਡ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਇਸ ਦੌਰਾਨ ਮੈਡੀਕਲ ਆਕਸੀਜਨ ਦੀ ਕਮੀ ਨਹੀਂ ਆਉਣੀ ਚਾਹੀਦੀ। ਸਨਅਤਾਂ ਦੇ ਨੁਮਾਇੰਦਿਆਂ ਨੇ ਸੂਬਾ ਸਰਕਾਰ ਨੂੰ ਮਹਾਮਾਰੀ ਖ਼ਿਲਾਫ਼ ਲੜਾਈ ’ਚ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਮੁੱਖ ਸਕੱਤਰ ਨੇ ਸਨਅਤਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੈਕਸਟਾਈਲ ਇੰਡਸਟਰੀ ਨੇ ਆਪਣੇ ਆਪ ਨੂੰ ਪੀਪੀਈ ਕਿੱਟ ਨਿਰਮਾਤਾ ਵਜੋਂ ਸਥਾਪਤ ਕੀਤਾ ਹੈ।