ਖੇਤੀ ਬਿੱਲਾਂ ਦਾ ਵਿਰੋਧ: ਪੰਜਾਬ ’ਚ ਰੇਲ ਰੋਕੋ ਅੰਦੋਲਨ ਸ਼ੁਰੂ, ਕਿਸਾਨ ਪਟੜੀਆਂ ’ਤੇ ਡਟੇ

ਜੋਗਿੰਦਰ ਸਿੰਘ ਮਾਨ

ਮਾਨਸਾ, 24 ਸਤੰਬਰ

ਖੇਤੀ ਬਿਲਾਂ ਵਿਰੁੱਧ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 24 ਤੋਂ 26 ਸਤੰਬਰ ਵਿਚਕਾਰ ਰੇਲਾਂ ਰੋਕਣ ਲਈ ਸ਼ੁਰੂ ਕੀਤੇ ਸੰਘਰਸ਼ ਦੇ ਪਹਿਲੇ ਦਿਨ ਅੱਜ ਦਿੱਲੀ ਨੂੰ ਜਾਂਦੇ ਸਾਰੇ ਟਰੈਕ ਰੋਕ ਲਏ ਹਨ। ਮਾਨਸਾ ਜ਼ਿਲ੍ਹੇ ਵਿਚ ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਦਿੱਲੀ- ਫਿਰੋਜ਼ਪੁਰ ਰੇਲਵੇ ਲਾਈਨ ਉਪਰ ਇਹ ਧਰਨਾ ਆਰੰਭ ਕਰ ਦਿੱਤਾ ਗਿਆ ਹੈ, ਜਿਸ ਤਹਿਤ ਕਿਸਾਨਾਂ ਨੇ ਰੇਲ ਪਟੜੀਆਂ ਉਪਰ ਬੈਠਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ।

ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅਗਲੇ ਤਿੰਨ ਦਿਨਾਂ 26 ਸਤੰਬਰ ਤੱਕ ਕਿਸੇ ਵੀ ਰੇਲ ਗੱਡੀ ਨੂੰ ਨਹੀਂ ਲੰਘਣ ਦਿੱਤਾ ਜਾਵੇਗਾ। ਰੇਲਵੇ ਵਿਭਾਗ ਵਲੋਂ ਮਾਨਸਾ ਵਿਖੇ ਲੱਗੇ ਧਰਨੇ ਦੀ ਜਾਣਕਾਰੀ ਉਪਰ ਭੇਜਕੇ ਮਾਲ ਗੱਡੀਆਂ ਦੀ ਆਵਾਜਾਈ ਰੋਕਣ ਲਈ ਕਿਹਾ ਗਿਆ ਹੈ, ਜਦੋਂ ਕਿ ਯਾਤਰੀਆਂ ਵਾਲੀਆਂ ਗੱਡੀਆਂ ਪਹਿਲਾਂ ਹੀ ਪੰਜਾਬ ਵਿੱਚ ਬੰਦ ਕਰ ਦਿੱਤੀਆਂ ਗਈਆਂ ਹਨ। ਰੇਲ ਲਾਈਨਾਂ ਉਪਰ ਦਿੱਤੇ ਧਰਨੇ ਲਈ ਵਿਆਪਕ ਪੁਲੀਸ ਪ੍ਰਬੰਧ ਕੀਤੇ ਗਏ ਹਨ। ਮਾਨਸਾ ਵਿਖੇ ਡੀਐੱਸਪੀ ਹਰਵਿੰਦਰ ਸਿੰਘ ਗਿੱਲ ਖ਼ੁਦ ਨਿਗਰਾਨੀ ਕਰ ਰਹੇ ਹਨ।

ਟੱਲੇਵਾਲ(ਲਖਵੀਰ ਸਿੰਘ ਚੀਮਾ): ਖੇਤੀ ਬਿੱਲਾਂ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਬਰਨਾਲਾ ਵਿਖੇ ਬਠਿੰਡਾ ਵਾਲਾ ਰੇਲ ਮਾਰਗ ਜਾਮ ਕਰਕੇ ਆਪਣਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ।

ਕਿਸਾਨ ਆਗੂਆਂ ਰੂਪ ਸਿੰਘ ਛੰਨਾ, ਬਲੌਰ ਸਿੰਘ, ਕ੍ਰਿਸ਼ਨ ਸਿੰਘ, ਜਰਨੈਲ ਸਿੰਘ ਬਦਰਾ ਨੇ ਦੱਸਿਆ ਕਿ ਤਿੰਨ ਦਿਨਾਂ ਇਸ ਮੋਰਚੇ ਦੀਆਂ ਤਿਆਰੀਆਂ ਤਹਿਤ ਟੈਂਟ ਲਗਾ ਕੇ ਧਰਨਾ ਦਿਨ ਰਾਤ ਲਈ ਸ਼ੁਰੂ ਕਰ ਦਿੱਤਾ ਹੈ। ਰਾਸ਼ਨ, ਲੱਕੜਾਂ, ਪੱਖਿਆਂ ਤੋਂ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰਕੇ ਮੋਰਚਾ ਸ਼ੁਰੂ ਕੀਤਾ ਗਿਆ ਹੈ।

ਲਹਿਰਾਗਾਗਾ(ਰਮੇਸ਼ ਭਾਰਦਵਾਜ):ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਪਿੰਡ ਛਾਜਲੀ ’ਚ ਕਿਸਾਨਾਂ ਨੇ ਰੇਲ ਆਵਾਜਾਈ ਜਾਮ ਕਰਕੇ ਧਰਨਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਤਿੰਨ ਦਿਨ ਰੇਲ ਰੋਕੇ ਧਰਨਾ ਦੇਣਗੇ ਅਤੇ 25 ਸਤੰਬਰ ਨੂੰ ਪੰਜਾਬ ਬੰਦ ’ਚ ਸ਼ਾਮਲ ਹੋਕੇ ਸੰਘਰਸ਼ ਤੇਜ਼ ਕਰਨਗੇ।

ਜੰਡਿਆਲਾ ਗੁਰੂ(ਸਿਮਰਤਪਾਲ ਸਿੰਘ ਬੇਦੀ): ਕੇਂਦਰ ਵੱਲੋਂ ਜਾਰੀ ਖੇਤੀ ਸੋਧ ਬਿੱਲ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਅੱਜ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ, ਜਿਸ ਦੇ ਤਹਿਤ ਅੰਮਿ੍ਰਤਸਰ ਜਲੰਧਰ ਰੇਲਵੇ ਟਰੈਕ ਪਿੰਡ ਦੇਵੀਦਾਸਪੁਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਗਿਅ ਅਤੇ ਰੇਲਵੇ ਟਰੈਕ ਉੱਪਰ ਚਾਨਣੀਆਂ ਕਨਾਤਾਂ ਲਗਾ ਕੇ ਬੈਠ ਗਏ। ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਪੰਜਾਬ ਸਰਵਣ ਸਿੰਘ ਪੰਧੇਰ ਨੇ ਕਿਹਾ ਪੰਜਾਬ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਨੇ ਕੇਂਦਰ ਵੱਲੋਂ ਜਾਰੀ ਖੇਤੀ ਸੋਧ ਬਿੱਲਾਂ ਦੇ ਖ਼ਿਲਾਫ਼ ਅੱਜ ਤੋਂ ਤਿੰਨ ਦਿਨਾਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੈ ਅਤੇ ਕੱਲ 25 ਸਤੰਬਰ ਨੂੰ ‘ਪੰਜਾਬ ਬੰਦ’ ਤੋਂ ਬਾਅਦ ਇੱਕ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲ ਰੋੋਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਫ਼ਿਰੋਜ਼ਪੁਰ(ਸੰਜੀਵ ਹਾਂਡਾ): ਅੱਜ ਫ਼ਿਰੋਜ਼ਪੁਰ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਵਿਚ ਅੱਜ ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਨੇ ਬਸਤੀ ਟੈਂਕਾਂ ਵਾਲੀ ਵਿਚੋਂ ਲੰਘਦੇ ਰੇਲਵੇ ਟਰੈਕ ’ਤੇ ਜਾਮ ਲਾਈ ਰੱਖਿਆ। ਦੂਜੇ ਪਾਸੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਮਹਿਮਾ ਦੀ ਅਗਵਾਈ ਵਿਚ ਨਗਰ ਅੰਦਰ ਰੋਸ ਮਾਰਚ ਕੱਢਿਆ ਗਿਆ ਤੇ ਦੁਕਾਨਦਾਰਾਂ ਨੂੰ ਇਸ ਸੰਘਰਸ਼ ਵਿਚ ਹਮਾਇਤ ਕਰਨ ਦੀ ਅਪੀਲ ਕੀਤੀ ਗਈ। ਸ਼ਹਿਰ ਦੇ ਵਪਾਰ ਮੰਡਲ ਪ੍ਰਧਾਨ ਚੰਦਰ ਮੋਹਨ ਹਾਂਡਾ ਨੇ ਵੀ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਵੀ ਪਾਰਟੀ ਪੱਧਰ ਤੇ ਸ਼ੁੱਕਰਵਾਰ ਨੂੰ ਆਰਿਫ਼ ਕੇ ਪਿੰਡ ਦੇ ਚੌਕ ਵਿਚ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ ਦੋ ਵਜੇ ਤੱਕ ਧਰਨਾ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵੀ ਛਾਉਣੀ ਸਥਿਤ ਸੱਤ ਨੰਬਰ ਚੁੰਗੀ ’ਤੇ ਧਰਨਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵੀ ਇਸ ਬਿੱਲ ਦੇ ਵਿਰੋਧ ਵਿਚ ਧਰਨੇ ਪ੍ਰਦਰਸ਼ਨ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All