Online Fraud: ਡਿਲਵਰੀ ਬੁਆਏ ਨੇ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ ਵਸੂਲੇ 500 ਰੁਪਏ !
ਬਿਨਾਂ ਆਰਡਰ ਤੋਂ ਗਾਹਕ ਦੇ ਘਰ ਪਾਰਸਲ ਲੈ ਕੇ ਪਹੁੰਚਿਆ ਡਿਲਵਰੀ ਬੁਆਏ।
ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਿਲਵਰੀ ਦੇਣ ਆਏ ਇੱਕ ਨੌਜਵਾਨ ਵੱਲੋਂ ਮਹਿਜ਼ ਇੱਕ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ 500 ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਹੁਣ ਸ਼ਹਿਰ ਵਾਸੀਆਂ ਨੂੰ ਡਿਲਵਰੀ ਦੇਣ ਆ ਰਹੇ ਇਹਨਾਂ ਨੌਜਵਾਨਾਂ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ।
ਜਾਣਕਾਰੀ ਅਨੁਸਾਰ ਤਪਾ ਦੇ ਪੰਕਜ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇੱਕ ਡਿਲਵਰੀ ਬੁਆਏ ਅਜਿਹਾ ਪਾਰਸਲ ਲੈ ਕੇ ਪਹੁੰਚ ਗਿਆ, ਜਿਸ ਸਬੰਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਵੱਲੋਂ ਕੋਈ ਆਰਡਰ ਨਹੀਂ ਕੀਤਾ ਗਿਆ ਸੀ। ਪਰਿਵਾਰ ਮੁਤਾਬਕ ਨਾ ਤਾਂ ਉਨ੍ਹਾਂ ਨੇ ਕੋਈ ਸਮਾਨ ਬੁੱਕ ਕਰਵਾਇਆ ਸੀ ਅਤੇ ਨਾ ਹੀ ਇਸ ਡਿਲਵਰੀ ਲਈ ਆਪਣਾ ਪਤਾ ਦਿੱਤਾ ਸੀ। ਇਸ ਦੇ ਬਾਵਜੂਦ ਡਿਲਵਰੀ ਬੁਆਏ ਵੱਲੋਂ ਪਾਰਸਲ ਦੀ ਡਿਲਵਰੀ ਕਰਨ ਬਦਲੇ ਕਰੀਬ 500 ਰੁਪਏ ਲੈ ਲਏ ਗਏ।
ਪਰਿਵਾਰ ਵੱਲੋਂ ਡਿਲਵਰੀ ਬੁਆਏ ਦੇ ਸਾਹਮਣੇ ਹੀ ਜਦ ਪਾਰਸਲ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ ਭਾਂਡੇ ਮਾਂਜਣ ਵਾਲੀ ਇੱਕ ਛੋਟੀ ਜਿਹੀ ਸਾਬਣ ਦੀ ਟਿੱਕੀ ਨਿਕਲੀ, ਜਿਸ ਦੀ ਕੀਮਤ ਮਹਿਜ਼ 10 ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਵਾਲ ਉਠਾਇਆ ਕਿ ਜਦੋਂ ਉਨ੍ਹਾਂ ਵੱਲੋਂ ਕੋਈ ਆਰਡਰ ਹੀ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦਾ ਨਾਮ, ਪਤਾ ਅਤੇ ਮੋਬਾਈਲ ਨੰਬਰ ਡਿਲਵਰੀ ਲਈ ਕਿਸ ਤਰ੍ਹਾਂ ਵਰਤਿਆ ਗਿਆ।
ਪੰਕਜ ਮਿੱਤਲ ਨੇ ਦੱਸਿਆ ਕਿ ਮਾਮਲਾ ਤਕਰਾਰ ਤੱਕ ਪਹੁੰਚ ਗਿਆ ਅਤੇ ਪਰਿਵਾਰ ਵੱਲੋਂ ਆਪਣੇ ਜਾਣਕਾਰਾਂ ਨੂੰ ਵੀ ਮੌਕੇ ’ਤੇ ਬੁਲਾ ਲਿਆ ਗਿਆ। ਕਾਫ਼ੀ ਦੇਰ ਤੱਕ ਚੱਲੀ ਗੱਲਬਾਤ ਤੋਂ ਬਾਅਦ ਡਿਲਵਰੀ ਬੁਆਏ ਨੇ 500 ਰੁਪਏ ਵਾਪਸ ਦੇ ਕੇ ਆਪਣਾ ਖਹਿੜਾ ਛੁਡਵਾਇਆ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਆਰਡਰ ਕੀਤੀ ਕਿਸੇ ਵੀ ਡਿਲਵਰੀ ਨੂੰ ਬਿਨਾਂ ਜਾਂਚ ਕੀਤੇ ਸਵੀਕਾਰ ਨਾ ਕੀਤਾ ਜਾਵੇ। ਪਾਰਸਲ ਲੈਣ ਤੋਂ ਪਹਿਲਾਂ ਆਰਡਰ, ਭੇਜਣ ਵਾਲੇ ਦੀ ਜਾਣਕਾਰੀ ਅਤੇ ਸਮਾਨ ਦੀ ਪੁਸ਼ਟੀ ਕੀਤੀ ਜਾਵੇ ਅਤੇ ਸ਼ੱਕ ਹੋਣ ’ਤੇ ਪਾਰਸਲ ਨਾ ਲਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਦੀ ਸਬੰਧਤ ਵਿਭਾਗ ਵੱਲੋਂ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਡਿਲਵਰੀ ਸੇਵਾਵਾਂ ਦੀ ਆੜ ਵਿੱਚ ਕਿਸੇ ਨਾਲ ਧੋਖਾਧੜੀ ਨਾ ਹੋ ਸਕੇ।

