ਬਣਾਂਵਾਲਾ ਤਾਪਘਰ ਦਾ ਇੱਕ ਯੂਨਿਟ ਮੁੜ ਖਰਾਬ; ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਵੀ ਹੋਇਆ ਬੰਦ
ਬਣਾਂਵਾਲਾ ਦੇ ਯੂਨਿਟ ਨੰਬਰ-2 ਵਿੱਚ ਤਕਨੀਕੀ ਨੁਕਸ ਪੈਣ ਕਾਰਨ ਮਾਹਿਰਾਂ ਵੱਲੋਂ ਜਾਰੀ ਹੈ ਮੁਰੰਮਤ
ਪੰਜਾਬ ਵਿੱਚ ਤਾਪ ਬਿਜਲੀ ਘਰਾਂ ਦੀ ਪੈਦਾਵਾਰ ਵਿੱਚ ਕਟੌਤੀ ਦੌਰਾਨ ਭਾਵੇਂ ਅੱਧੀ ਰਾਤ ਤੋਂ ਬਣਾਂਵਾਲਾ ਤਾਪਘਰ ਦੇ ਬੰਦ ਹੋਏ ਦੋ ਯੂਨਿਟਾਂ ਵਿੱਚੋਂ ਇੱਕ ਨੇ ਲਗਾਤਾਰ ਸਪਲਾਈ ਦੇਣੀ ਆਰੰਭ ਕਰ ਦਿੱਤੀ ਹੈ, ਪਰ ਇਸ ਦੇ ਬਾਵਜੂਦ ਸੂਬੇ ਵਿੱਚ ਬਿਜਲੀ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਅੱਜ ਰਾਜਪੁਰਾ ਸਥਿਤ ਨਾਭਾ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੋ ਗਿਆ ਹੈ, ਜਿਸ ਨੇ ਬਿਜਲੀ ਉਤਪਾਦਨ ਹੋਰ ਘੱਟਣ ਦਾ ਖ਼ਦਸ਼ਾ ਖੜ੍ਹਾ ਕਰ ਦਿੱਤਾ ਹੈ।
ਭਾਵੇਂ ਅੱਧੀ ਰਾਤ ਨੂੰ ਬਣਾਂਵਾਲਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹੋ ਗਏ ਸਨ, ਪਰ ਯੂਨਿਟ ਨੰਬਰ 2 ਵਿੱਚ ਅਚਾਨਕ ਅੱਜ ਸਵੇਰੇ ਕੋਈ ਨਵਾਂ ਤਕਨੀਕੀ ਨੁਕਸ ਪੈ ਗਿਆ, ਜਿਸ ਕਰਕੇ ਇਸ ਦੀ ਹੁਣ ਮਾਹਿਰਾਂ ਵੱਲੋਂ ਲਗਾਤਾਰ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਅੱਧੀ ਰਾਤ ਤੱਕ ਮੁੜ ਬਿਜਲੀ ਪੈਦਾ ਕਰਨ ਦੇ ਯੋਗ ਹੋਣ ਦਾ ਭਰੋਸਾ ਪ੍ਰਗਟਾਇਆ ਜਾ ਰਿਹਾ ਹੈ।
ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ ਐੱਸ ਪੀ ਸੀ ਐੱਲ) ਦੇ ਇੱਕੋ ਦਿਨ ਦੋ ਯੂਨਿਟ ਬੰਦ ਹੋਣ ਨਾਲ ਪੰਜਾਬ ਸਰਕਾਰ ਨੂੰ ਬਿਜਲੀ ਸੰਕਟ ਦੀ ਵੱਡੀ ਤਕਲੀਫ਼ ਖੜ੍ਹੀ ਹੋ ਗਈ ਸੀ, ਪਰ ਅਚਾਨਕ ਇੱਕ ਯੂਨਿਟ ਦੇ ਚਾਲੂ ਹੋਣ ਨਾਲ ਸਥਿਤੀ ਵਿੱਚ ਕੁਝ ਸੁਧਾਰ ਹੋਇਆ ਹੈ। ਇਸ ਤਾਪਘਰ ਦੀ ਸਮਰੱਥਾ 1980 ਮੈਗਾਵਾਟ ਦੱਸੀ ਜਾਂਦੀ ਹੈ ਅਤੇ ਇਹ ਸਭ ਤੋਂ ਜ਼ਿਆਦਾ ਬਿਜਲੀ ਪੈਦਾ ਕਰਕੇ ਦੇ ਰਿਹਾ ਹੈ।
ਬਣਾਂਵਾਲਾ ਤਾਪਘਰ ਦੀ ਪ੍ਰਬੰਧਕੀ ਟੀਮ ਨੇ ਦਾਅਵਾ ਕੀਤਾ ਕਿ ਬੰਦ ਹੋਏ ਦੋਵੇਂ ਯੂਨਿਟ ਦਰੁੱਸਤੀ ਤੋਂ ਬਾਅਦ ਦੇਰ ਰਾਤ ਤੱਕ ਕੰਮ ਕਰਨਾ ਆਰੰਭ ਕਰ ਦਿੱਤਾ ਸੀ, ਪਰ ਅੱਜ ਅਚਾਨਕ ਸਵੇਰੇ 8 ਵਜੇ ਤੋਂ ਬਾਅਦ ਯੂਨਿਟ ਨੰਬਰ-2 ਵਿੱਚ ਮੁੜ ਕੋਈ ਤਕਨੀਕੀ ਨੁਕਸ ਪੈ ਗਿਆ, ਜਿਸ ਕਰਕੇ ਉਸ ਨੂੰ ਤਕਨੀਕੀ ਮਾਹਿਰਾਂ ਵੱਲੋਂ ਬੰਦ ਕਰਕੇ ਮੁਰੰਮਤ ਕਰਨੀ ਆਰੰਭ ਕਰ ਦਿੱਤੀ ਗਈ, ਜਿਸ ਦੇ ਦੇਰ ਸ਼ਾਮ ਠੀਕ ਹੋਣ ਅਤੇ ਅੱਧੀ ਰਾਤ ਤੋਂ ਬਾਅਦ ਬਿਜਲੀ ਦੀ ਪੈਦਾਵਾਰ ਕਰਨ ਦੀ ਉਮੀਦ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਦੇਰ ਸ਼ਾਮ ਤੱਕ ਬਣਾਂਵਾਲਾ ਤਾਪਘਰ ਦੇ ਯੂਨਿਟ ਨੰਬਰ-1 ਨੇ 575 ਅਤੇ ਯੂਨਿਟ ਨੰਬਰ-3 ਵੱਲੋਂ 614 ਮੈਗਾਵਾਟ ਬਿਜਲੀ ਪੈਦਾ ਕੀਤੀ। ਇਸੇ ਤਰ੍ਹਾਂ ਰਾਜਪੁਰਾ ਵਿਖੇ ਨਾਭਾ ਥਰਮਲ ਪਲਾਂਟ ਦਾ ਯੂਨਿਟ ਨੰਬਰ-1 ਬੰਦ ਹੋ ਗਿਆ ਹੈ, ਜਦੋਂ ਕਿ ਦੂਜੇ ਯੂਨਿਟ ਵੱਲੋਂ 673 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ। ਇਸੇ ਤਰ੍ਹਾਂ ਸਰਕਾਰੀ ਖੇਤਰ ਹੇਠ ਪੰਜਾਬ ਦੇ ਤਾਪਘਰਾਂ ਵਿੱਚੋਂ ਲਹਿਰਾ ਮੁਹੱਬਤ ਤਾਪਘਰ ਦੇ ਯੂਨਿਟ ਨੰਬਰ-1 ਨੇ 159, ਯੂਨਿਟ ਨੰਬਰ-2 ਤੋਂ 184, ਯੂਨਿਟ ਨੰਬਰ-3 ਤੋਂ 231, ਯੂਨਿਟ ਨੰਬਰ-4 ਵੱਲੋਂ 228 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਦੀ ਕੁੱਲ ਸਮਰੱਥਾ 920 ਮੈਗਾਵਾਟ ਹੈ। ਇਸੇ ਤਰ੍ਹਾਂ 540 ਮੈਗਾਵਾਟ ਦੀ ਸਮਰੱਥਾ ਵਾਲੇ ਜੀ ਏ ਟੀ ਪੀ ਗੋਇੰਦਵਾਲ ਤਾਪਘਰ ਦੇ ਯੂਨਿਟ ਨੰਬਰ-1 ਨੇ 252 ਅਤੇ ਯੂਨਿਟ ਨੰਬਰ-2 ਵੱਲੋਂ 246 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।
ਦੂਜੇ ਪਾਸੇ ਜੀ ਜੀ ਐੱਸ ਐੱਸ ਟੀ ਪੀ ਰੋਪੜ ਦਾ ਯੂਨਿਟ ਨੰਬਰ-6 ਪਿਛਲੇ ਲੰਮੇ ਸਮੇਂ ਤੋਂ ਬੰਦ ਚੱਲਿਆ ਆ ਰਿਹਾ ਹੈ, ਜਦੋਂ ਕਿ ਯੂਨਿਟ ਨੰਬਰ-3, 4, 5 ਵੱਲੋਂ ਕ੍ਰਮਵਾਰ 134, 138, 92 ਮੈਗਾਵਾਟ ਬਿਜਲੀ ਉਤਪਾਦਨ ਕੀਤੀ ਜਾ ਰਹੀ ਹੈ। ਇਸ ਦੀ ਕੁੱਲ ਸਮਰੱਥਾ 840 ਮੈਗਾਵਾਟ ਹੈ।
ਇਸੇ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ) ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਬਿਜਲੀ ਸੰਕਟ ਨਾਲ ਲਗਾਤਾਰ ਜੂਝ ਰਹੀ ਹੈ ਅਤੇ ਤਾਪਘਰਾਂ ਨੂੰ ਕੋਲੇ ਸਮੇਤ ਹੋਰ ਕਿਸੇ ਵੀ ਦਿੱਕਤ ਵੇਲੇ ਹਰ ਤਰ੍ਹਾਂ ਦੀ ਸਹਾਇਤਾ ਲਈ ਵਚਨਬੱਧ ਹੈ।

