ਜਸਵੰਤ ਜੱਸ
ਫਰੀਦਕੋਟ, 2 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅੱਜ ਪਿੰਡ ਦੀਪ ਸਿੰਘ ਵਾਲਾ ਦੀ ਫੇਰੀ ਦੌਰਾਨ ਵੱਡਾ ਵਿਵਾਦ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਫਰੀਦਕੋਟ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਸਨ, ਜਿੱਥੇ ਨੌਜਵਾਨ ਭਾਰਤ ਦੇ ਆਗੂ ਨੌਨਿਹਾਲ ਸਿੰਘ ਅਤੇ ਨਗਿੰਦਰ ਸਿੰਘ ਵੀ ਆਪਣੇ ਕੇਸ ਦੀ ਤਾਰੀਖ ਭੁਗਤਣ ਲਈ ਆਏ ਸਨ।
ਸੁਖਬੀਰ ਬਾਦਲ ਦੀ ਆਮਦ ਨੂੰ ਦੇਖਦਿਆਂ ਡੀਐੱਸਪੀ ਆਸਵੰਤ ਸਿੰਘ ਨੇ ਬਿਨਾਂ ਕੋਈ ਕਾਰਨ ਦੱਸਿਆ ਕਿ ਨੌਨਿਹਾਲ ਸਿੰਘ ਅਤੇ ਨਗਿੰਦਰ ਸਿੰਘ ਨੂੰ ਅਦਾਲਤ ਸਾਹਮਣਿਓਂ ਚੁੱਕ ਲਿਆ ਅਤੇ ਸਿਟੀ ਥਾਣਾ ਫਰੀਦਕੋਟ ਵਿੱਚ ਲੈ ਗਏ। ਇਸ ਦੇ ਰੋਸ ਵਜੋਂ ਪਿੰਡ ਦੀਪ ਸਿੰਘ ਵਾਲਾ ਗਏ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਮੰਗਾ ਸਿੰਘ, ਮੰਗਲ ਸਿੰਘ ਤੇ ਕੁਝ ਹੋਰ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਮੌਜੂਦ ਗੁੱਸੇ ’ਚ ਆਏ ਅਕਾਲੀ ਆਗੂਆਂ ਨੇ ਨੌਜਵਾਨ ਮਜ਼ਦੂਰ ਆਗੂਆਂ ਨੂੰ ਭਜਾ-ਭਜਾ ਕੇ ਕੁੱਟਿਆ। ਇਸ ਮੌਕੇ ਪੁਲੀਸ ਫੋਰਸ ਵੀ ਮੌਕੇ ’ਤੇ ਮੌਜੂਦ ਸੀ ਪਰ ਪੁਲੀਸ ਨੇ ਇਨ੍ਹਾਂ ਮਜ਼ਦੂਰ ਆਗੂਆਂ ਨੂੰ ਨਹੀਂ ਛੁਡਵਾਇਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਅਕਾਲੀਆਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਮਜ਼ਦੂਰਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਇਆ ਹੈ। ਡਾਕਟਰਾਂ ਨੇ ਦੋਹਾਂ ਨੌਜਵਾਨਾਂ ਦੇ ਕੁੱਟਮਾਰ ਦੌਰਾਨ ਸੱਟਾਂ ਵੱਜਣ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਕਾਫ਼ਲੇ ਅੱਗੇ ਕੁਝ ਮਜ਼ਦੂਰ ਆਗੂ ਆ ਗਏ ਸਨ, ਜਿਸ ਕਰਕੇ ਕੁਝ ਅਕਾਲੀ ਆਗੂਆਂ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਪਰੰਤੂ ਪੁਲੀਸ ਨੇ ਸਾਰੀ ਸਥਿਤੀ ਨੂੰ ਸਾਂਭ ਲਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਕੋਈ ਖਾਸ ਸੱਟਾਂ ਨਹੀਂ ਵੱਜੀਆਂ।