ਤੇਲ ਘਪਲਾ: ਬਠਿੰਡਾ ਸਿਵਲ ਹਸਪਤਾਲ ਦੇ ਤਿੰਨ ਅਧਿਕਾਰੀ ਮੁਅੱਤਲ
ਮਨੋਜ ਸ਼ਰਮਾ
ਬਠਿੰਡਾ, 30 ਜੂਨ
ਸਿਹਤ ਵਿਭਾਗ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਹੋਏ ਕਥਿਤ 30 ਲੱਖ ਰੁਪਏ ਦੇ ਤੇਲ ਘਪਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਇੱਕ ਸੀਨੀਅਰ ਮੈਡੀਕਲ ਅਫਸਰ (ਐੱਸਐੱਮਓ) ਸਣੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਸ਼ਿਕਾਇਤਾਂ ਅਤੇ ਵਿਜੀਲੈਂਸ ਬਿਊਰੋ ਵੱਲੋਂ ਚੱਲ ਰਹੀ ਜਾਂਚ ਦੇ ਅਧਾਰ ’ਤੇ ਕੀਤੀ ਗਈ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਐੱਸਐੱਮਓ ਡਾ. ਗੁਰਮੇਲ ਸਿੰਘ (ਮੌਜੂਦਾ ਤਾਇਨਾਤੀ ਸੁਨਾਮ, ਜ਼ਿਲ੍ਹਾ ਸੰਗਰੂਰ) ਤੋਂ ਇਲਾਵਾ ਸਿਵਲ ਹਸਪਤਾਲ ਬਠਿੰਡਾ ਦੇ ਜੂਨੀਅਰ ਸਹਾਇਕ ਸ਼ੀਨਮ ਸਿੰਗਲਾ ਅਤੇ ਡੇਟਾ ਐਂਟਰੀ ਅਪਰੇਟਰ ਜਗਜੀਤ ਸਿੰਘ ਸ਼ਾਮਲ ਹਨ। ਇਹ ਵੀ ਖੁਲਾਸਾ ਹੋਇਆ ਹੈ ਕਿ ਸ਼ੁਰੂਆਤੀ ਜਾਂਚ ’ਚ ਆਈਆਂ ਗੰਭੀਰ ਸ਼ਿਕਾਇਤਾਂ ਤੋਂ ਬਾਅਦ ਡਾ. ਗੁਰਮੇਲ ਸਿੰਘ ਨੂੰ ਪਹਿਲਾਂ ਹੀ ਬਠਿੰਡਾ ਤੋਂ ਸੁਨਾਮ ਤਬਦੀਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਸ਼ਹੀਦ ਮਨੀ ਸਿੰਘ ਹਸਪਤਾਲ ਬਠਿੰਡਾ ਦੇ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਬਠਿੰਡਾ ਦੇ ਐੱਸਐੱਮਓ ਰਹਿ ਚੁੱਕੇ ਡਾ. ਗੁਰਮੇਲ ਸਿੰਘ ਸਣੇ ਤਿੰਨ ਅਧਿਕਾਰੀਆਂ ਨੂੰ ਤੇਲ ਘਪਲੇ ਵਿੱਚ ਸ਼ਮੂਲੀਅਤ ਦੇ ਦੋਸ਼ਾਂ ਹੇਠ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਨੂੰ ਅੱਜ ਸਰਕਾਰੀ ਤੌਰ ’ਤੇ ਮੁਅੱਤਲੀ ਦੇ ਹੁਕਮ ਮਿਲ ਗਏ ਹਨ। ਗੌਰਤਲਬ ਹੈ ਕਿ ਬੀਤੇ ਦਿਨੀਂ ਬਿਨਾਂ ਵਰਤੋਂ ਵਾਲੀਆਂ ਕੰਡਮ ਐਂਬੂਲੈਂਸਾਂ ਅਤੇ ਸਰਕਾਰੀ ਵਾਹਨਾਂ ਲਈ ਝੂਠੇ ਤੇਲ ਕਲੇਮ ਤਿਆਰ ਕਰਕੇ ਲੱਖਾਂ ਰੁਪਏ ਦੇ ਬਿੱਲ ਮਨਜ਼ੂਰ ਕਰਵਾਉਣ ਦਾ ਮਾਮਲਾ ਭਖਿਆ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਸਬੰਧਤ ਰਿਕਾਰਡ ਹਾਸਲ ਕਰਕੇ ਝੂਠੇ ਕਲੇਮਾਂ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।