ਐਕੁਆਇਰ ਜ਼ਮੀਨ ਦਾ ਕਬਜ਼ਾ ਲੈਣ ਆਏ ਅਧਿਕਾਰੀ ਬੇਰੰਗ ਮੁੜੇ
ਦੋਫਾੜ ਜ਼ਮੀਨਾਂ ਲਈ ਰਸਤੇ ਅਤੇ ਰਿਕਾਰਡ ਦੀ ਦਰੁਸਤੀ ਤੱਕ ਕਬਜ਼ਾ ਨਾ ਦੇਣ ਦਾ ਐਲਾਨ
ਭਾਰਤਮਾਲਾ ਐਕਸਪ੍ਰੈੱਸਵੇਅ (ਐੱਨ ਐੱਚ- 205 ਏ) ਲਈ ਐਕੁਆਇਰ ਕੀਤੀ ਜ਼ਮੀਨ ਦਾ ਕਬਜ਼ਾ ਲੈਣ ਆਏ ਅਧਿਕਾਰੀਆਂ ਨੂੰ ਪ੍ਰਭਾਵਿਤ ਕਿਸਾਨਾਂ ਦੇ ਵਿਰੋਧ ਕਾਰਨ ਬੇਰੰਗ ਮੁੜਨਾ ਪਿਆ। ਕਿਸਾਨਾਂ ਨੇ ਦੋਫਾੜ ਹੋਈਆਂ ਜ਼ਮੀਨਾਂ ਲਈ ਸਰਵਿਸ ਰੋਡ, ਦਰਜਨ ਦੇ ਕਰੀਬ ਪਿੰਡਾਂ ਨੂੰ ਐਕਸਪ੍ਰੈੱਸਵੇਅ ’ਤੇ ਚੜ੍ਹਨ- ਉਤਰਨ ਲਈ ਕੁਨੈਕਟੀਵਿਟੀ ਅਤੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰੁਸਤੀ ਦੀ ਮੰਗ ਕੀਤੀ।
ਇਸ ਮੌਕੇ ਡੇਰਾਬੱਸੀ-ਬਨੂੜ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ, ਬੇਅੰਤ ਸਿੰਘ ਸ਼ੇਖਪੁਰ ਕਲਾਂ, ਰਾਮ ਸਿੰਘ ਬਰੋਲੀ, ਰਤਨ ਸਿੰਘ ਫੌਜੀ, ਕੁਲਵਿੰਦਰ ਸਿੰਘ, ਅਮਲਾਲਾ ਜੋਨੀ, ਗੁਰਪ੍ਰੀਤ ਸਿੰਘ ਪਰਾਗਪੁਰ, ਦਲਵੀਰ ਸਿੰਘ ਮਹਿਮਦਪੁਰ ਸਮੇਤ ਹੋਰ ਕਿਸਾਨਾਂ ਨੇ ਦੱਸਿਆ ਕਿ ਰਾਜੋਮਾਜਰਾ, ਅਮਲਾਲਾ, ਬਰੋਲੀ, ਕਾਰਕੋਰ, ਸ਼ੇਖੂਪੁਰਾ, ਮਹਿਮਦਪੁਰ, ਧਨੋਨੀ ਤੇ ਬਾਕਰਪੁਰ ਸਮੇਤ ਕਰੀਬ ਦਰਜਨ ਪਿੰਡਾਂ ਦੀ ਜ਼ਮੀਨ ਸੜਕ ਲਈ ਐਕੁਆਇਰ ਕੀਤੀ ਗਈ ਹੈ। ਜ਼ਮੀਨ ਐਕੁਆਇਰ ਹੋਏ ਨੂੰ ਕਰੀਬ ਚਾਰ ਸਾਲ ਬੀਤ ਚੁੱਕੇ ਹਨ ਪਰ ਮਾਲ ਰਿਕਾਰਡ ਵਿੱਚ ਦਰੁਸਤੀ ਨਹੀਂ ਹੋਈ ਅਤੇ ਇੰਤਕਾਲ ਵੀ ਦਰਜ ਨਹੀਂ ਕੀਤੇ ਗਏ। ਕਿਸਾਨਾਂ ਅਨੁਸਾਰ ਅੱਜ ਸੀਗਲ ਕੰਪਨੀ ਦੇ ਅਧਿਕਾਰੀ ਜੇ ਸੀ ਬੀ ਸਮੇਤ ਕਬਜ਼ਾ ਲੈਣ ਪੁੱਜੇ ਸਨ। ਕਿਸਾਨਾਂ ਨੇ ਕਿਹਾ ਕਿ ਮੰਗਾਂ ਹੱਲ ਹੋਣ ਤੱਕ ਉਹ ਜ਼ਮੀਨ ਦਾ ਕਬਜ਼ਾ ਨਹੀਂ ਦੇਣਗੇ।

