Nuclear Plant: ਪਟਿਆਲਾ ਵਿੱਚ ਪਰਮਾਣੂ ਪਲਾਂਟ ਦੀਆਂ ਸੰਭਾਵਨਾਵਾਂ ਤਲਾਸ਼ੇਗਾ ਕੇਂਦਰ: ਮੰਤਰੀ ਜਤਿੰਦਰ ਸਿੰਘ
ਪੰਜਾਬ ਦੇ ਵਿਕਾਸ ਲਈ ‘ਇੰਟਰਐਕਟਿਵ ਸੈਸ਼ਨ’ ਦੌਰਾਨ ਲਿਆ ਗਿਆ ਫੈਸਲਾ
Nuclear Plant: ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਪਟਿਆਲਾ ਵਿੱਚ ਪਰਮਾਣੂ ਊਰਜਾ ਪਲਾਂਟ ਲਗਾਉਣ ਦੀ ਸੰਭਾਵਨਾ (Feasibility) ਦੀ ਮੁੜ ਜਾਂਚ ਕਰਵਾਏਗੀ। ਇਹ ਬਿਆਨ ਉਨ੍ਹਾਂ ਨੇ ਪੰਜਾਬ ਦੇ ਬੁੱਧੀਜੀਵੀਆਂ, ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਉਦਯੋਗਿਕ ਮਾਹਿਰਾਂ ਨਾਲ ‘ਪੰਜਾਬ ਲਈ ਚੁਣੌਤੀਆਂ ਅਤੇ ਮੌਕੇ’ ਵਿਸ਼ੇ ’ਤੇ ਹੋਈ ਇੱਕ ਵਿਸ਼ੇਸ਼ ਗੋਸ਼ਟੀ ਦੌਰਾਨ ਦਿੱਤਾ।
ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ.ਐੱਸ. ਸਿੱਧੂ ਵੀ ਮੌਜੂਦ ਸਨ। ਮੰਤਰੀ ਨੇ ਭਰੋਸਾ ਦਿੱਤਾ ਕਿ ਜੇਕਰ ਤਕਨੀਕੀ ਅਤੇ ਵਿਵਹਾਰਕ ਪੱਖੋਂ ਸਭ ਕੁਝ ਠੀਕ ਰਿਹਾ, ਤਾਂ ਸਰਕਾਰ ਪਟਿਆਲਾ ਵਿੱਚ ਪਲਾਂਟ ਸਥਾਪਤ ਕਰਨ ਲਈ ਸਾਰੇ ਵਿਕਲਪਾਂ ’ਤੇ ਗੌਰ ਕਰੇਗੀ।
ਜ਼ਿਕਰਯੋਗ ਹੈ ਕਿ ਪਟਿਆਲਾ ਦੇ ਪਿੰਡ ਦਰੌਲੀ ਵਿੱਚ ਪਰਮਾਣੂ ਪਲਾਂਟ ਲਗਾਉਣ ਦੀ ਤਜਵੀਜ਼ ਸਭ ਤੋਂ ਪਹਿਲਾਂ ਸਾਲ 2000 ਦੇ ਸ਼ੁਰੂਆਤੀ ਦੌਰ ਵਿੱਚ ਸਾਹਮਣੇ ਆਈ ਸੀ ਪਰ ਲੰਬੇ ਸਮੇਂ ਤੋਂ ਇਹ ਮਾਮਲਾ ਠੰਢੇ ਬਸਤੇ ਵਿੱਚ ਪਿਆ ਸੀ। ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਉਹ ਪਰਮਾਣੂ ਪਲਾਂਟ ਸਥਾਪਤ ਕਰਨ ਲਈ ਸਾਰੀਆਂ ਸ਼ਰਤਾਂ ਦੀ ਨਵੇਂ ਸਿਰੇ ਤੋਂ ਸਮੀਖਿਆ ਕਰਨਗੇ। ਜੇਕਰ ਇਹ ਪ੍ਰੋਜੈਕਟ ਸਿਰੇ ਚੜ੍ਹਦਾ ਹੈ ਤਾਂ ਇਹ ਪੰਜਾਬ ਵਿੱਚ ਊਰਜਾ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਲਿਆ ਸਕਦਾ ਹੈ ਅਤੇ ਉਦਯੋਗਾਂ ਲਈ ਸਸਤੀ ਤੇ ਨਿਰੰਤਰ ਬਿਜਲੀ ਦੀ ਸਪਲਾਈ ਯਕੀਨੀ ਬਣਾ ਸਕਦਾ ਹੈ।

