
ਅੰਿਮ੍ਰਤਪਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੁੰਦਾ ਹੋਇਆ। -ਫੋਟੋ: ਮਲਕੀਅਤ ਸਿੰਘ
ਚਰਨਜੀਤ ਭੁੱਲਰ
ਚੰਡੀਗੜ੍ਹ, 21 ਮਾਰਚ
ਪੰਜਾਬ ਪੁਲੀਸ ਨੂੰ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਫ਼ਰਾਰ ਹੋਣ ਸਬੰਧੀ ਅਹਿਮ ਸੁਰਾਗ ਹੱਥ ਲੱਗੇ ਹਨ। ਪੁਲੀਸ ਮੁਤਾਬਕ ਅੰਮ੍ਰਿਤਪਾਲ ਇਕ ਗੁਰਦੁਆਰੇ ’ਚ ਕੱਪੜੇ ਬਦਲਣ ਮਗਰੋਂ ਮੋਟਰਸਾਈਕਲ ’ਤੇ ਫ਼ਰਾਰ ਹੋਇਆ ਹੈ। ਪੁਲੀਸ ਨੇ ਅੰਮ੍ਰਿਤਪਾਲ ਸਿੰਘ ਨੂੰ ਭਜਾਉਣ ’ਚ ਮਦਦ ਕਰਨ ਵਾਲੇ ਚਾਰ ਵਿਅਕਤੀ ਗ੍ਰਿਫ਼ਤਾਰ ਕਰ ਲਏ ਹਨ ਅਤੇ ਉਸ ਬਰੇਜ਼ਾ ਗੱਡੀ ਨੂੰ ਵੀ ਬਰਾਮਦ ਕਰ ਲਿਆ ਹੈ ਜਿਸ ’ਚ ਬੈਠ ਕੇ ਮੌਕੇ ਤੋਂ ਅੰਮ੍ਰਿਤਪਾਲ ਸਿੰਘ ਫ਼ਰਾਰ ਹੋਇਆ ਸੀ। ਅੰਮ੍ਰਿਤਪਾਲ ਸਿੰਘ ਦੇ 18 ਮਾਰਚ ਨੂੰ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਚੁੱਕੇ ਹਨ ਤੇ ਉਸ ਖ਼ਿਲਾਫ਼ ਐੱਨਐੱਸਏ (ਕੌਮੀ ਸੁਰੱਖਿਆ ਐਕਟ) ਲਾਇਆ ਗਿਆ ਹੈ। ਉਧਰ ਪੰਜਾਬ ਸਰਕਾਰ ਨੇ ਤਰਨ ਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਅੰਮ੍ਰਿਤਸਰ ਦੇ ਅਜਨਾਲਾ ਅਤੇ ਮੁਹਾਲੀ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਬਾਕੀ ਸੂਬੇ ’ਚ ਮੋਬਾਈਲ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ। ਪੁਲੀਸ ਨੇ ਅੰਮ੍ਰਿਤਪਾਲ ਦੀਆਂ ਵੱਖ ਵੱਖ ਪਹਿਰਾਵੇ ਵਾਲੀਆਂ ਛੇ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਅੰਮ੍ਰਿਤਪਾਲ ਸਿੰਘ ਦੀ ਅੱਜ ਚੌਥੇ ਦਿਨ ਵੀ ਭਾਲ ਜਾਰੀ ਰਹੀ ਅਤੇ ਹੁਣ ਤੱਕ ਪੁਲੀਸ ਨੇ ਉਸ ਦੇ 154 ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੰਜਾਬ ਪੁਲੀਸ ਦੇ ਬੁਲਾਰੇ ਆਈਜੀ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਚਾਰ ਵਿਅਕਤੀਆਂ ਮਨਪ੍ਰੀਤ ਮੰਨਾ, ਗੁਰਪ੍ਰੀਤ ਦੀਪਾ, ਹਰਪ੍ਰੀਤ ਹੈਪੀ ਅਤੇ ਗੁਰਭੇਜ ਸਿੰਘ, ਜੋ ਫ਼ਰੀਦਕੋਟ ਤੇ ਜਲੰਧਰ ਜ਼ਿਲ੍ਹਿਆਂ ਨਾਲ ਸਬੰਧਤ ਹਨ, ਨੂੰ ਜਦੋਂ ਫੜਿਆ ਗਿਆ ਤਾਂ ਉਨ੍ਹਾਂ ਪੁੱਛ-ਪੜਤਾਲ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਫ਼ਰਾਰ ਹੋਣ ਦਾ ਭੇਤ ਖੋਲ੍ਹਿਆ। ਡਾ. ਗਿੱਲ ਨੇ ਦੱਸਿਆ ਕਿ ਜਦੋਂ ਅੰਮ੍ਰਿਤਪਾਲ ਸਿੰਘ ਆਪਣਾ ਵਾਹਨ ਬਦਲ ਕੇ ਬਰੇਜ਼ਾ ਗੱਡੀ ਵਿਚ ਬੈਠਿਆ ਸੀ ਤਾਂ ਉਕਤ ਨੌਜਵਾਨ ਵੀ ਉਸ ’ਚ ਸਵਾਰ ਸਨ। ਉਹ ਅੰਮ੍ਰਿਤਪਾਲ ਸਿੰਘ ਨੂੰ ਪਿੰਡ ਨੰਗਲ ਅੰਬੀਆਂ ਦੇ ਗੁਰੂ ਘਰ ਵਿਚ ਲੈ ਕੇ ਗਏ ਜਿੱਥੇ ਪਹਿਲਾਂ ਹੀ ਦੋ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀ ਹੋਰ ਮੌਜੂਦ ਸਨ। ਫੜੇ ਗਏ ਵਿਅਕਤੀਆਂ ਨੇ ਦੱਸਿਆ ਕਿ ਨੰਗਲ ਅੰਬੀਆਂ ਦੇ ਗੁਰੂ ਘਰ ਵਿਚ ਅੰਮ੍ਰਿਤਪਾਲ ਸਿੰਘ ਨੇ ਪੱਛਮੀ ਦਿੱਖ ਵਾਲੇ ਕੱਪੜੇ ਪਹਿਨ ਲਏ ਸਨ। ਉਸ ਮਗਰੋਂ ਅੰਮ੍ਰਿਤਪਾਲ ਦੋ ਮੋਟਰਸਾਈਕਲ ਸਵਾਰਾਂ ਨਾਲ ਬੈਠ ਕੇ ਉੱਥੋਂ ਫ਼ਰਾਰ ਹੋ ਗਿਆ। ਗਿੱਲ ਨੇ ਦੱਸਿਆ ਕਿ ਟੌਲ ਪਲਾਜ਼ਾ ਦੀ ਸੀਸੀਟੀਵੀ ਫੁਟੇਜ ਤੋਂ ਬਰੇਜ਼ਾ ਗੱਡੀ ਦਾ ਪਤਾ ਲੱਗਾ ਜਿਸ ਵਿਚ ਅੱਗੇ ਅੰਮ੍ਰਿਤਪਾਲ ਸਿੰਘ ਬੈਠਾ ਹੋਇਆ ਸੀ। ਪੁਲੀਸ ਵੱਲੋਂ ਬਰਾਮਦ ਕੀਤੀ ਬਰੇਜ਼ਾ ਗੱਡੀ ’ਚੋਂ 315 ਬੋਰ ਦੀ ਰਾਈਫ਼ਲ, ਵਾਕੀ ਟਾਕੀ ਅਤੇ ਤਲਵਾਰਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਨੂੰ ਭਜਾਉਣ ’ਚ ਸੱਤ ਜਣਿਆਂ ਦੀ ਭੂਮਿਕਾ ਸਾਹਮਣੇ ਆਈ ਹੈ ਜਿਸ ’ਚੋਂ ਚਾਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਆਈਜੀ ਗਿੱਲ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ ਪ੍ਰੰਤੂ ਏਨਾ ਜ਼ਰੂਰ ਕਿਹਾ ਹੈ ਕਿ ਦੂਸਰੇ ਸੂਬਿਆਂ ਅਤੇ ਕੇਂਦਰੀ ਏਜੰਸੀਆਂ ਤੋਂ ਸਹਿਯੋਗ ਮਿਲ ਰਿਹਾ ਹੈ। ਅੰਮ੍ਰਿਤਪਾਲ ਦੇ ਮੌਜੂਦਾ ਹੁਲੀਆ ਬਾਰੇ ਵੀ ਕੋਈ ਜਾਣਕਾਰੀ ਹੋਣ ਤੋਂ ਪੁਲੀਸ ਨੇ ਇਨਕਾਰ ਕੀਤਾ ਹੈ। ਗਿੱਲ ਨੇ ਇਹ ਵੀ ਦੱਸਿਆ ਕਿ ਪੁਲੀਸ ਦੇ ਹੱਥ ਬੁਲੇਟ ਪਰੂਫ਼ ਜੈਕਟਾਂ ਤਾਂ ਲੱਗੀਆਂ ਹਨ ਪ੍ਰੰਤੂ ਉਨ੍ਹਾਂ ਦੀ ਗਿਣਤੀ ਦੱਸਣੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹਾਲਾਤ ਸਥਿਰ ਹਨ ਅਤੇ ਮੁਹਾਲੀ ਦੇ ਸੁਹਾਣਾ ’ਚ ਲੱਗਿਆ ਧਰਨਾ ਵੀ ਖ਼ਤਮ ਹੋ ਗਿਆ ਹੈ। ਪੁਲੀਸ ਲਈ ਵੱਡੀ ਚੁਣੌਤੀ ਹੁਣ ਅੰਮ੍ਰਿਤਪਾਲ ਸਿੰਘ ਦੇ ਉਨ੍ਹਾਂ ਟਿਕਾਣਿਆਂ ਦਾ ਪਤਾ ਲਗਾਉਣਾ ਹੈ ਜਿਸ ਦਿਸ਼ਾ ਵੱਲ ਅੰਮ੍ਰਿਤਪਾਲ ਮੋਟਰਸਾਈਕਲ ’ਤੇ ਫ਼ਰਾਰ ਹੋਇਆ ਹੈ। ਚੇਤੇ ਰਹੇ ਕਿ ਜਦੋਂ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਦੋਂ ਇਸੇ ਤਰ੍ਹਾਂ ਦੀਪ ਸਿੱਧੂ ਦੇ ਵੀ ਮੋਟਰ ਸਾਈਕਲ ’ਤੇ ਫ਼ਰਾਰ ਹੋਣ ਦੀ ਫੁਟੇਜ ਸਾਹਮਣੇ ਆਈ ਸੀ।
ਡਿਬਰੂਗੜ੍ਹ ਜੇਲ੍ਹ ਦੀ ਸੁਰੱਖਿਆ ਵਧਾਈ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਜਿੱਥੇ ਪੰਜਾਬ ਪੁਲੀਸ ਵੱਲੋਂ ਹੁਣ ਤੱਕ ਅੰਮ੍ਰਿਤਪਾਲ ਦੇ ਚਾਚੇ ਹਰਜੀਤ ਸਿੰਘ, ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਮੀਤ ਸਿੰਘ ਅਤੇ ਭਗਵੰਤ ਸਿੰਘ ਬਾਜੇਕਾ ਨੂੰ ਭੇਜਿਆ ਜਾ ਚੁੱਕਾ ਹੈ। ਹਰਜੀਤ ਸਿੰਘ ਅੱਜ ਸਵੇਰੇ ਉਥੋਂ ਦੀ ਜੇਲ੍ਹ ’ਚ ਪੁੱਜਾ ਹੈ। ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ’ਚ ਇਸ ਵੇਲੇ ਕੁੱਲ 461 ਬੰਦੀ ਹੈ ਜਿਨ੍ਹਾਂ ’ਚੋਂ 308 ਵਿਚਾਰ ਅਧੀਨ ਕੈਦੀ ਹਨ।
ਖ਼ੁਫ਼ੀਆ ਤੰਤਰ ਹੋਇਆ ਫ਼ੇਲ੍ਹ: ਹਾਈ ਕੋਰਟ
ਪੰਜਾਬ ਹਰਿਆਣਾ ਹਾਈ ਕੋਰਟ ਨੇ ਅੰਮ੍ਰਿਤਪਾਲ ਸਿੰਘ ਦੇ ਭੱਜਣ ਦੇ ਮਾਮਲੇ ’ਚ ਪੁਲੀਸ ਨੂੰ ਝਾੜ ਪਾਈ ਹੈ। ਹਾਈ ਕੋਰਟ ਨੇ ਉਂਗਲ ਉਠਾਈ ਕਿ 80 ਹਜ਼ਾਰ ਦੀ ਨਫ਼ਰੀ ਵਾਲੀ ਪੁਲੀਸ ਉਸ ਨੂੰ ਫੜ ਕਿਉਂ ਨਹੀਂ ਸਕੀ ਹੈ। ਉਨ੍ਹਾਂ ਇਸ ਫ਼ਰਾਰੀ ਪਿੱਛੇ ਖ਼ੁਫ਼ੀਆ ਤੰਤਰ ਦੀ ਨਾਕਾਮੀ ਨੂੰ ਜ਼ਿੰਮੇਵਾਰ ਦੱਸਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ। ਹਾਈ ਕੋਰਟ ’ਚ ਦਾਇਰ ਹੈਬੀਅਸ ਕੋਰਪਸ ਪਟੀਸ਼ਨ ’ਤੇ ਸੁਣਵਾਈ ਦੌਰਾਨ ਐਡਵੋਕੇਟ ਜਨਰਲ ਵਿਨੋਦ ਘਈ ਨੇ ਪੁਲੀਸ ਤਰਫ਼ੋਂ ਦਾਖ਼ਲ ਹਲਫ਼ੀਆ ਬਿਆਨ ’ਚ ਖ਼ੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ’ਤੇ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਗਾ ਦਿੱਤਾ ਗਿਆ ਹੈ। ਅਦਾਲਤ ਨੂੰ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨਾ ਤਾਂ ਹਿਰਾਸਤ ਵਿਚ ਹੈ ਅਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਸਟਿਸ ਐੱਨ ਐੱਸ ਸ਼ੇਖਾਵਤ ਨੇ ਵਕੀਲ ਇਮਾਨ ਸਿੰਘ ਖਾਰਾ ਵੱਲੋਂ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਦੌਰਾਨ ਅਦਾਲਤ ਦੀ ਸਹਾਇਤਾ ਲਈ ਵਕੀਲ ਤਨੂ ਬੇਦੀ ਨੂੰ ਅਦਾਲਤੀ ਮਿੱਤਰ ਤਾਇਨਾਤ ਕੀਤਾ। ਏਜੀ ਮੁਤਾਬਕ ਪੁਲੀਸ ਨੇ ਸਾਰੇ ਅਪਰੇਸ਼ਨ ਦੌਰਾਨ ਸੰਜਮ ਵਰਤਿਆ ਅਤੇ ਕੋਈ ਖ਼ੂਨ-ਖ਼ਰਾਬਾ ਨਹੀਂ ਹੋਇਆ। ਹਾਈ ਕੋਰਟ ਵਿਚ ਅੱਜ ਅੰਮ੍ਰਿਤਪਾਲ ਦੇ ਮਾਪੇ ਵੀ ਪੁੱਜੇ ਹੋਏ ਸਨ।ਜਸਟਿਸ ਸ਼ੇਖਾਵਤ ਨੇ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦੀ ਅਦਾਲਤ ’ਚ ਹਾਜ਼ਰੀ ’ਤੇ ਕਿਹਾ ਕਿ ਉਹ ਇਸ ਮਾਮਲੇ ’ਚ ਧਿਰ ਨਹੀਂ ਹਨ, ਇਸ ਕਰਕੇ ਉਹ ਪਿੱਛੇ ਜਾ ਕੇ ਬੈਠ ਜਾਣ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ