ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਅਗਸਤ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਉਨ੍ਹਾਂ ਦੇ ਭਰਾ ਬਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਵਿੱਚੋਂ ਵਾਪਸੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਹੁਣ ਆਪਣੇ ਭਰਾ ਨੂੰ ਘਰ ਵਿੱਚ ਰੱਖੜੀ ਬੰਨ੍ਹ ਸਕਣਗੇ। ਸ੍ਰੀਮਤੀ ਬਾਦਲ ਅੱਜ ਇੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ, ਜਿਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦੀ ਖ਼ਬਰ ਮਿਲੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਅੱਜ ਇਥੇ ਆਪਣੇ ਭਰਾ ਦੀ ਜ਼ਮਾਨਤ ਲਈ ਹੀ ਅਰਦਾਸ ਕਰਨ ਆਏ ਸਨ, ਜੋ ਗੁਰੂ ਨੇ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਇਸ ਸੰਕਟ ਵਿੱਚੋਂ ਉਭਰਨ ਵਿੱਚ ਮਦਦ ਮਿਲੇਗੀ ਤੇ ਸਾਰੇ ਪਾਰਟੀ ਆਗੂ ਹੁਣ ਇੱਕ ਵਾਰ ਮੁੜ ਪਾਰਟੀ ਦੀ ਮਜ਼ਬੂਤੀ ਲਈ ਇਕੱਠੇ ਹੋ ਕੇ ਕੰਮ ਕਰਨਗੇ। ਬੰਦੀ ਸਿੱਖਾਂ ਨਾਲ ਵਿਤਕਰੇ ਦੀ ਗੱਲ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀਆਂ ਸਰਕਾਰਾਂ ਨੇ ਸਦਾ ਹੀ ਸਿੱਖਾਂ ਨਾਲ ਵਿਤਕਰਾ ਕੀਤਾ ਹੈ ਤੇ ਇਸੇ ਤਹਿਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਹਾਲੇ ਤੱਕ ਰਿਹਾਅ ਨਹੀਂ ਕੀਤਾ ਗਿਆ। ਪਰ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੱਖਾਂ ਦੀ ਰਿਹਾਈ ਤੱਕ ਇਹ ਲੜਾਈ ਜਾਰੀ ਰੱਖੇਗਾ। ਜ਼ਿਕਰਯੋਗ ਹੈ ਕਿ ਸ੍ਰੀ ਮਜੀਠੀਆ ਨੂੰ ਜ਼ਮਾਨਤ ਮਿਲਣ ਦੀ ਖ਼ਬਰ ਮਿਲਣ ਮਗਰੋਂ ਇਥੇ ਗ੍ਰੀਨ ਐਵੈਨਿਊ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਅਕਾਲੀ ਆਗੂਆਂ ਵੱਲੋਂ ਲੱਡੂ ਵੰਡ ਕੇ ਤੇ ਭੰਗੜੇ ਪਾ ਕੇ ਖੁਸ਼ੀ ਮਨਾਈ ਗਈ।
ਮਜੀਠੀਆ ਦਾ ਜੇਲ੍ਹ ਵਿੱਚ ਪੰਦਰਾਂ ਕਿੱਲੋ ਭਾਰ ਘਟਿਆ
ਪਟਿਆਲਾ (ਖੇਤਰੀ ਪ੍ਰਤੀਨਿਧ): ਪਿਛਲੇ ਸਾਢੇ ਪੰਜ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦਾ 15 ਕਿੱਲੋ ਤੋਂ ਵੱਧ ਭਾਰ ਘੱਟ ਗਿਆ ਹੈ। ਉਹ ਦਿਨ ਵਿੱਚ ਕਾਫ਼ੀ ਸਮਾਂ ਕਸਰਤ ਵੀ ਕਰਦੇ ਰਹੇ ਹਨ। ਉਨ੍ਹਾਂ ਦਾ ਸੈੱਲ ਬਹੁਤ ਛੋਟਾ ਸੀ, ਪਰ ਤੰਦਰੁਸਤੀ ਲਈ ਤੇ ਸਮਾਂ ਲੰਘਾਉਣ ਲਈ ਉਹ ਲੰਮਾ ਸਮਾਂ ਸੈੱਲ ਦੇ ਬਾਹਰ ਸਥਿਤ ਪੰਜ ਸੌ ਗਜ਼ ਥਾਂ ’ਚ ਸੈਰ ਕਰਦੇ ਰਹੇ ਹਨ। ਜੇਲ੍ਹ ਸੂਤਰਾਂ ਮੁਤਾਬਕ ਸ੍ਰੀ ਮਜੀਠੀਆ ਸਵੇਰੇ-ਸ਼ਾਮ ਪਾਠ ਵੀ ਕਰਦੇ ਰਹੇ ਹਨ।