ਹੁਣ ‘ਆਪ’ ਦੇ ਵਿਧਾਇਕ BJP ’ਚ ਹੋਣਗੇ ਸ਼ਾਮਲ: ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੱਤ ਰਾਜ ਸਭਾ ਮੈਂਬਰਾਂ ਤੋਂ ਬਾਅਦ ਹੁਣ ‘ਆਪ’ ਦੇ ਅਨੇਕਾਂ ਵਿਧਾਇਕਾਂ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮਜੀਠੀਆ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਪਹਿਲਾਂ ਤਾਂ ‘ਆਪ’...
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੱਤ ਰਾਜ ਸਭਾ ਮੈਂਬਰਾਂ ਤੋਂ ਬਾਅਦ ਹੁਣ ‘ਆਪ’ ਦੇ ਅਨੇਕਾਂ ਵਿਧਾਇਕਾਂ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮਜੀਠੀਆ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਪਹਿਲਾਂ ਤਾਂ ‘ਆਪ’ ਦੇ ਸੰਸਥਾਪਕ ਮੈਂਬਰ ਹੀ ਪਾਰਟੀ ਛੱਡ ਗਏ ਤੇ ਹੁਣ ਸੰਦੀਪ ਪਾਠਕ ਤੇ ਰਾਘਵ ਚੱਢਾ ਵਰਗੇ ਮੈਂਬਰਾਂ ਨੇ ਪੰਜ ਹੋਰ ਐੱਮ ਪੀਜ਼ ਦੇ ਨਾਲ ਰਲ ਕੇ ਪਾਰਟੀ ਛੱਡ ਦਿੱਤੀ ਹੈ। ਆਉਂਦੇ ਦਿਨਾਂ ਵਿਚ ਵੱਡੀ ਗਿਣਤੀ ਵਿਚ ‘ਆਪ’ ਦੇ ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸ਼ੁਰੂਆਤ ਜਲੰਧਰ ਤੇ ਲੁਧਿਆਣਾ ਤੋਂ ਹੋਵੇਗੀ ਤੇ ਜਲਦੀ ਹੀ ‘ਆਪ’ ਸਰਕਾਰ ਘੱਟ ਗਿਣਤੀ ਵਿਚ ਆ ਕੇ ਡਿੱਗ ਵੀ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ ਲਈ ‘ਆਪ’ ਖ਼ੁਦ ਹੀ ਜ਼ਿੰਮੇਵਾਰ ਹੈ ਤੇ ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਸੂਬੇ ਤੋਂ ਬਾਹਰਲਿਆਂ ਨੂੰ ਰਾਜ ਸਭਾ ਸੀਟਾਂ ਕਿਉਂ ਦਿੱਤੀਆਂ? ਮਜੀਠੀਆ ਨੇ ਇਸ ਤੋਂ ਇਲਾਵਾ ਅੱਜ ਸਾਬਕਾ ਰਾਗੀ ਭਾਈ ਹਰਬੰਸ ਸਿੰਘ ਦੇ ਪਰਿਵਾਰ ਦੀ ਜਾਇਦਾਦ ਹੜੱਪਣ ਦੇ ਇਲਜ਼ਾਮ ਲਗਾ ਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਅੱਜ ਇੱਥੇ ਪੀੜਤ ਪਰਿਵਾਰ ਦੀ ਮੌਜੂਦਗੀ ’ਚ ਮਜੀਠੀਆ ਨੇ ਇਹ ਮਸਲਾ ਚੁੱਕਿਆ।

