ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 23 ਜਨਵਰੀ
ਖੇਤੀ ਕਾਨੂੰਨਾਂ ਖਿਲਾਫ਼ 26 ਜਨਵਰੀ ਨੂੰ ਦਿੱਲੀ ਵਿੱਚ ਜੋ ਟਰੈਕਟਰ ਪਰੇਡ ਲਈ ਕਿਸਾਨਾਂ ਦਾ ਜਨੂੰਨ ਇਸ ਕਦਰ ਵਧ ਗਿਆ ਹੈ ਕਿ ਇੱਕ ਕਿਸਾਨ ਨੇ 2 ਲੱਖ ਰੁਪਏ ਖਰਚ ਕਰ ਟਰੈਕਟਰ ਦੀ ਬੱਸ ਹੀ ਬਣਾ ਦਿੱਤੀ ਤਾਂ ਜੋ ਵੱਧ ਤੋਂ ਵੱਧ ਲੋਕ ਉੱਥੇ ਪਹੁੰਚ ਸਕਣ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ 200 ਟਰੈਕਟਰਾਂ ਦਾ ਕਾਫ਼ਿਲਾ ਜਿਉਂ ਹੀ ਅੱਜ ਮਾਛੀਵਾੜਾ ਸ਼ਹਿਰ ’ਚੋਂ ਗੁਜ਼ਰਿਆ ਤਾਂ ਉਸ ਵਿਚ ਇੱਕ ਟਰੈਕਟਰ ਦੇ ਪਿੱਛੇ ਟਰਾਲੀ ਦੀ ਬਣਾਈ ਬੱਸ ਅਤੇ ਉਸ ਉੱਪਰ ਕਿਸਾਨੀ ਤੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਚਿੱਤਰ ਸਭ ਨੂੰ ਆਕਰਸ਼ਿਤ ਕਰ ਰਹੇ ਸਨ। ਪਿੰਡ ਵਜੀਦਪੁਰ ਦੇ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਉਸ ਨੇ ਵਿਸ਼ੇਸ਼ ਤੌਰ ’ਤੇ ਟਰਾਲੀ ਦੀ ਬੱਸ ਤਿਆਰ ਕੀਤੀ ਹੈ ਜਿਸ ਉੱਪਰ ਉਸ ਦਾ 2 ਲੱਖ ਰੁਪਏ ਤੋਂ ਵੱਧ ਖਰਚਾ ਆਇਆ। ਕਿਸਾਨ ਕਰਮਜੀਤ ਸਿੰਘ ਅਨੁਸਾਰ ਉਸ ਨੇ ਪੁਰਾਣੀ ਬੱਸ ਦਾ ਕੈਬਿਨ ਖਰੀਦਿਆ ਅਤੇ ਉਸ ਦੀ ਮੁਰੰਮਤ ਕਰਕੇ ਟਰਾਲੀ ਦੀ ਹੁੱਕ ਬਣਾ ਕੇ ਟਰੈਕਟਰ ਪਿੱਛੇ ਪਾ ਲਈ।
ਉਸ ਨੇ ਕਿਹਾ ਕਿ ਹੁਣ ਦਿੱਲੀ ਚਾਹੇ ਕਿੰਨੇ ਵੀ ਦਿਨ ਧਰਨਾ ਦੇਣਾ ਪਵੇ ਕੋਈ ਪ੍ਰਵਾਹ ਨਹੀਂ ਕਿਉਂਕਿ ਇਸ ’ਚ ਜਿੱਥੇ ਅਰਾਮਦਾਇਕ ਗੱਦੇ ਲਗਾਏ ਹਨ ਉੱਥੇ ਖਾਣ-ਪੀਣ ਵਾਲਾ ਸਾਰਾ ਸਾਮਾਨ ਵੀ ਰੱਖਿਆ ਗਿਆ ਹੈ। ਕਿਸਾਨ ਨੇ ਦੱਸਿਆ ਕਿ ਬੱਸ ਦੇ ਆਲੇ-ਦੁਆਲੇ ਲਗਾਏ ਗਏ ਕਿਸਾਨੀ ਮੰਗਾਂ ਸਬੰਧੀ ਚਿੱਤਰ ਅਤੇ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਲਗਾ ਕੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਪੰਜਾਬ ਦੇ ਕਿਸਾਨ ਸੰਘਰਸ਼ ਤੇ ਕੁਰਬਾਨੀਆਂ ਦੇਣ ਤੋਂ ਪਿੱਛੇ ਹਟਣ ਵਾਲੇ ਨਹੀਂ।