ਖ਼ੁਦ ਨੂੰ ਇਮਾਨਦਾਰ ਦੱਸਣ ਲਈ ਇਸ਼ਤਿਹਾਰਬਾਜ਼ੀ ਦੀ ਲੋੜ ਨਹੀਂ: ਬਾਦਲ
ਸੂਬੇ ਅੰਦਰ ਗ਼ੈਰ-ਕਾਨੂੰਨੀ ਖਣਨ ਦੀ ਜਾਂਚ ਈ ਡੀ ਤੋਂ ਕਰਾਉਣ ਦੀ ਮੰਗ
ਸ਼੍ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਇਮਾਨਦਾਰ’ ਦੱਸਣ ਵਾਲੇ ਹੋਰਡਿੰਗਾਂ ’ਤੇ 500 ਕਰੋੜ ਰੁਪਏ ਖਰਚਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਮਾਨਦਾਰਾਂ ਨੂੰ ਖੁਦ ਨੂੰ ਬੇਦਾਗ਼ ਸਾਬਤ ਕਰਨ ਲਈ ਕਰੋੜਾਂ ਰੁਪਏ ਖਰਚਣ ਦੀ ਲੋੜ ਨਹੀਂ ਹੁੰਦੀ। ਉਹ ਅੱਜ ਇੱਥੇ ਨੇੜਲੇ ਕਸਬਾ ਚੱਬੇਵਾਲ ਵਿਖੇ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੂੰ ਆਪਣਾ ਵਿਧਾਇਕ ਚੁਣਨ।
ਮੁੱਖ ਮੰਤਰੀ ’ਤੇ ਟਿੱਪਣੀ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਜਿਸ ਵਿਆਕਤੀ ਨੂੰ ਇਮਾਨਦਾਰ ਦੱਸਣ ਲਈ ਲੋਕਾਂ ਦੇ ਟੈਕਸ ਦੇ ਕਰੋੜਾਂ ਰੁਪਏ ਖਰਚਣੇ ਪੈਣ ਉਹ ਕਦੇ ਵੀ ਇਮਾਨਦਾਰ ਨਹੀਂ ਹੋ ਸਕਦਾ। ਅਜਿਹੇ ਪ੍ਰਚਾਰਕ ਡਰਾਮੇ ਕਰਨ ਦੀ ਬਜਾਏ ਮੁੱਖ ਮੰਤਰੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਮੁੱਖ ਮੰਤਰੀ ਦਫ਼ਤਰ ’ਤੇ ਤਾਇਨਾਤੀਆਂ ਅਤੇ ਤਬਾਦਲਿਆਂ ਰਾਹੀਂ ਕਰੋੜਾਂ ਰੁਪਏ ਇਕੱਠੇ ਕਰਨ ਦੇ ਦੋਸ਼ ਕਿਉਂ ਲਗਾਏ ਜਾ ਰਹੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ‘ਲੋਕ ਚੋਣ ਜ਼ਾਬਤਾ ਲਾਗੂ ਹੋਣ ਦੀ ਉਡੀਕ ਕਰ ਰਹੇ ਹਨ ਕਿਉਂਕਿ ‘ਆਪ’ ਸਰਕਾਰ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਲਈ ਪੁਲੀਸ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਗੈਰ ਕਾਨੂੰਨੀ ਮਾਈਨਿੰਗ ਰਾਹੀਂ ਕੀਤੀ ਜਾ ਰਹੀ ਲੁੱਟ ਦੀ ਜਾਂਚ ਈ ਡੀ ਵੱਲੋਂ ਕੀਤੀ ਜਾਵੇ। ਸ੍ਰੀ ਬਾਦਲ ਨੇ ਐਲਾਨ ਕੀਤਾ ਕਿ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਕੰਡੀ ਖੇਤਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੰਡੀ ਖੇਤਰ ਵਿਕਾਸ ਮੰਤਰਾਲਾ ਸਥਾਪਤ ਕੀਤਾ ਜਾਵੇਗਾ। ਪਠਾਨਕੋਟ ਨੂੰ ਚੰਡੀਗੜ੍ਹ ਨਾਲ ਜੋੜਨ ਵਾਲਾ ਐਕਸਪ੍ਰੈਸ-ਵੇਅ ਬਣਾਇਆ ਜਾਵੇਗਾ। ਕੰਢੀ ਖੇਤਰ ਲਈ ਵਿਸ਼ੇਸ਼ ਉਦਯੋਗਿਕ ਪੈਕੇਜ ਦਿੱਤਾ ਜਾਵੇਗਾ ਅਤੇ ਨਵੇਂ ਨਿਵੇਸ਼ਕਾਂ ਨੂੰ ਸਸਤੀ ਬਿਜਲੀ ਸਮੇਤ ਕਈ ਰਿਆਇਤਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਦੀ ਸਿੰਜਾਈ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਖੇਤਰ ਵਾਸਤੇ ਲਿਫਟ ਪੰਪ ਅਤੇ ਡੂੰਘੇ ਟਿਊਬਵੈੱਲ ਮਨਜ਼ੂਰ ਕੀਤੇ ਜਾਣਗੇ। ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ‘ਵਰਲਡ ਸਕਿੱਲ ਯੂਨੀਵਰਸਿਟੀ’ ਸਥਾਪਤ ਕੀਤੀ ਜਾਵੇਗੀ ਅਤੇ ਅਗਲੀ ਸਰਕਾਰ ਪਾਰਟੀ ਦੀ ਬਣਨ ਦੇ ਇੱਕ ਸਾਲ ਦੇ ਅੰਦਰ-ਅੰਦਰ ਤਿੰਨ ਲੱਖ ਖਾਲੀ ਪਈਆਂ ਸਰਕਾਰੀ ਨੌਕਰੀਆਂ ਭਰੀਆਂ ਜਾਣਗੀਆਂ। ਇਸ ਮੌਕੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ, ਡਾ. ਦਲਜੀਤ ਸਿੰਘ ਚੀਮਾ, ਸੋਹਣ ਸਿੰਘ ਠੰਡਲ, ਹਰਮਿੰਦਰ ਸਿੰਘ ਸੰਧੂ, ਜਤਿੰਦਰ ਸਿੰਘ ਲਾਲੀ ਬਾਜਵਾ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਸਤਵਿੰਦਰਪਾਲ ਸਿੰਘ ਢੱਟ, ਸੰਜੀਵ ਤਲਵਾੜ, ਕਮਲ ਚਟਲੀ, ਅਮਰੀਕ ਬੱਲੋਵਾਲ ਅਤੇ ਸੁਖਦੀਪ ਸਿੰਘ ਹਾਜ਼ਰ ਸਨ।

