ਨਾ ਪੈਸਾ-ਨਾ ਸਿਫਾਰਸ਼, ਸਰਕਾਰੀ ਨੌਕਰੀਆਂ ਸਿਰਫ਼ ਮੈਰਿਟ ’ਤੇ ਦਿੱਤੀਆਂ: ਭਗਵੰਤ ਮਾਨ
801 ਨੌਜਵਾਨਾਂ ਤੇ ਮੁਟਿਆਰਾਂ ਨੂੰ ਨਿਯੁਕਤੀ ਪੱਤਰ ਵੰਡੇ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਥੋਂ ਦੇ ਫੇਜ਼ ਅੱਠ ਦੇ ਵਿਕਾਸ ਭਵਨ ਵਿਖੇ ਹੋਏ ਸਮਾਰੋਹ ਵਿਚ 801 ਨੌਜਵਾਨਾਂ ਤੇ ਮੁਟਿਆਰਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ। ਇਨ੍ਹਾਂ ਵਿਚ ਪਾਵਰਕੌਮ ਵਿਚ 296 ਜੇਈਜ਼ ਸਮੇਤ 412, ਜਨਰਲ ਪ੍ਰਸ਼ਾਸਨ ਵਿਚ ਦਰਜਾ ਚਾਰ ਦੀਆਂ 174, ਸਹਿਕਾਰਤਾ ਵਿਭਾਗ ਵਿਚ 42 ਅਤੇ ਲੋਕ ਨਿਰਮਾਣ, ਜੇਲ੍ਹਾਂ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਨਵ-ਨਿਯੁਕਤ ਮੁਲਾਜ਼ਮ ਸ਼ਾਮਲ ਹਨ।
ਮੁੱਖ ਮੰਤਰੀ ਨੇ ਇਸ ਕਿਹਾ ਕਿ ਨਵੇਂ ਭਰਤੀ ਨੌਜਵਾਨਾਂ ਨੂੰ ਪੰਜਾਬ ਸਰਕਾਰ ਨੇ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ। ਅਗਲੇ ਹਫ਼ਤੇ 600 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। ਸਰਕਾਰ ਨੇ ਹੁਣ ਤੱਕ 71,777 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਹਰੇਕ ਨਿਯੁਕਤੀ ਬਿਨਾਂ ਕਿਸੇ ਪੈਸੇ ਜਾਂ ਸਿਫਾਰਸ਼ ਤੋਂ ਮੈਰਿਟ ਦੇ ਆਧਾਰ ‘ਤੇ ਕੀਤੀ ਗਈ ਹੈ। ਪਿਛਲੀਆਂ ਸਰਕਾਰਾਂ ਵੇਲੇ ਪੈਸੇ, ਸਿਫ਼ਾਰਸ਼ਾਂ ਅਤੇ ‘ਵੱਢੀ’ ਰਾਹੀਂ ਲੱਖਾਂ ਰੁਪਏ ਵਿੱਚ ਸਰਕਾਰੀ ਨੌਕਰੀਆਂ ਵਿਕਦੀਆਂ ਸਨ। ਉਨ੍ਹਾਂ ਵਿਰੋਧੀ ਧਿਰ ਨੂੰ ਭਰਤੀ ਵਿੱਚ ਭ੍ਰਿਸ਼ਟਾਚਾਰ ਦੀ ਮਿਸਾਲ ਦਿਖਾਉਣ ਦੀ ਚੁਣੌਤੀ ਦਿੰਦਿਆਂ ਐਲਾਨ ਕੀਤਾ ਕਿ ਇੱਕ ਵੀ ਨੌਕਰੀ ਵਿਚ ਭ੍ਰਿਸ਼ਟਾਚਾਰ ਸਾਬਿਤ ਹੋਣ ’ਤੇ ਉਹ ਰਾਜਨੀਤੀ ਛੱਡ ਦੇਣਗੇ।
ਉਨ੍ਹਾਂ ਅਕਾਲੀ ਦਲ ਅਤੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਆਪਣੇ ਨਿੱਜੀ ਹਿੱਤਾਂ ਦੀ ਰਾਜਨੀਤੀ ਰਾਹੀਂ ਪੰਜਾਬ ਨੂੰ ਆਰਥਿਕ ਅਤੇ ਸਮਾਜਿਕ ਮੰਦਹਾਲੀ ਵੱਲ ਧੱਕਿਆ ਹੈ। ਅਕਾਲੀ ਲੀਡਰਸ਼ਿਪ ਨੇ ਆਪਣੇ ਕਾਰਜਕਾਲ ਦੌਰਾਨ ਮਾਈਨਿੰਗ ਸਮੇਤ ਮੁਨਾਫੇ ਵਾਲੇ ਕਾਰੋਬਾਰਾਂ ’ਤੇ ਕਬਜ਼ਾ ਕੀਤਾ ਅਤੇ ਸੂਬੇ ਦੇ ਸਰੋਤਾਂ ਦੀ ਵਰਤੋਂ ਨਿੱਜੀ ਹਿੱਤਾਂ ਲਈ ਕੀਤੀ ਜਿਨ੍ਹਾਂ ਨੇ ਸਾਲਾਂਬੱਧੀ ਪੰਜਾਬ ਨੂੰ ਲੁੱਟਿਆ, ਉਹ ਅੱਜ ਇਮਾਨਦਾਰੀ ਦੇ ਭਾਸ਼ਣ ਦੇ ਰਹੇ ਹਨ। ਸਾਡੀ ਸਰਕਾਰ ਵੱਲੋਂ ਕੀਤਾ ਜਾਂਦਾ ਹਰ ਕੰਮ ਲੋਕ ਭਲਾਈ ਲਈ ਹੁੰਦਾ ਹੈ।
ਸੂਬੇ ਦਾ ਖ਼ਜ਼ਾਨਾ ਪੰਜਾਬ ਦੇ ਲੋਕਾਂ ਦਾ ਹੈ ਅਤੇ ਸਰਕਾਰੀ ਖ਼ਜ਼ਾਨੇ ਦਾ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਲਈ ਖ਼ਰਚ ਕੀਤਾ ਜਾ ਰਿਹਾ ਹੈ। ਪੀ ਐੱਸ ਪੀ ਸੀ ਐੱਲ ਵਿੱਚ ਸਹਾਇਕ ਅਸਾਮੀਆਂ ਵਿੱਚ ਲਗਪਗ 600 ਹੋਰ ਭਰਤੀ ਦੇ ਮੌਕੇ ਪਹਿਲਾਂ ਹੀ ਪੈਦਾ ਕੀਤੇ ਜਾ ਚੁੱਕੇ ਹਨ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਹੋਰ ਮਜ਼ਬੂਤ ਹੋਏ ਹਨ। ਉਨ੍ਹਾਂ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਅਫ਼ਸਰ ਬਣਨ ਦੇ ਯੋਗ ਬਣਾਉਣ ਲਈ ਕੰਮ ਕਰ ਰਹੀ ਹੈ ਤਾਂ ਪਿਛਲੀ ਅਕਾਲੀ ਲੀਡਰਸ਼ਿਪ ਪਸ਼ੂ ਪਾਲਣ ਵਿੱਚ ਸਬਸਿਡੀਆਂ ਦੇਣ ਦੀ ਗੱਲ ਕਰਦੀ ਸੀ। ਸੂਬੇ ਦੇ ਬੱਚੇ ਭਵਿੱਖ ਦੇ ਪ੍ਰਸ਼ਾਸਕ, ਵਿਗਿਆਨੀ, ਡਾਕਟਰ, ਇੰਜਨੀਅਰ ਅਤੇ ਲੀਡਰ ਬਣਨ ਦੇ ਮੌਕਿਆਂ ਦੇ ਹੱਕਦਾਰ ਹਨ। ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਲਮੀ ਪੱਧਰ ਦੇ ਖੇਡ ਬੁਨਿਆਦੀ ਢਾਂਚੇ ਅਤੇ ਉੱਭਰਦੀ ਪ੍ਰਤਿਭਾ ਲਈ ਮੌਕੇ ਪ੍ਰਦਾਨ ਕਰ ਕੇ ਪੰਜਾਬ ਦੀ ਖੇਡ ਰਵਾਇਤ ਨੂੰ ਸੁਰਜੀਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਸੰਬੋਧਨ ਕੀਤਾ।
ਮੁੱਖ ਮੰਤਰੀ ਨੇ ਨਵ ਨਿਯੁਕਤ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਪ੍ਰਮੁੱਖ ਸਕੱਤਰ ਊਰਜਾ ਗੁਰਕਿਰਤ ਕ੍ਰਿਪਾਲ ਸਿੰਘ, ਪ੍ਰਮੁੱਖ ਸਕੱਤਰ ਪ੍ਰਸ਼ਾਸਨ ਕੇ ਕੇ ਯਾਦਵ, ਪ੍ਰਮੁੱਖ ਸਕੱਤਰ ਸਹਿਕਾਰਤਾ ਅਜਿਤ ਬਾਲਾਜੀ ਜੋਸ਼ੀ, ਏ ਡੀ ਜੀ ਪੀ ਜੇਲਾਂ ਆਰ ਕੇ ਜੈਸਵਾਲ ਸਮੇਤ ਮੁਹਾਲੀ ਦੇ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

