ਇਨਕਲਾਬੀ ਜਮਹੂਰੀ ਲਹਿਰ ਦੇ ਆਗੂ NK Jeet ਨਹੀਂ ਰਹੇ
ਪੰਜ ਦਹਾਕਿਆਂ ਤੱਕ ਜਮਹੂਰੀ ਸੰਘਰਸ਼ਾਂ ਦੀ ਮੋਹਰੀ ਆਵਾਜ਼ ਰਹੇ, 18 ਅਪਰੈਲ ਨੂੰ ਬਠਿੰਡਾ 'ਚ ਦਿੱਤੀ ਜਾਵੇਗੀ ਸੰਗਰਾਮੀ ਵਿਦਾਇਗੀ
ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੀ ਪ੍ਰਸਿੱਧ ਸ਼ਖ਼ਸੀਅਤ ਐਨ. ਕੇ. ਜੀਤ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਬਿਸਤਰਗ੍ਰਸਤ ਸਨ। ਉਨ੍ਹਾਂ ਦੀ ਅੰਤਿਮ ਵਿਦਾਇਗੀ 18 ਅਪਰੈਲ ਨੂੰ ਦਿੱਤੀ ਜਾਵੇਗੀ।
ਮੈਗਜ਼ੀਨ ‘ਸੁਰਖ਼ ਲੀਹ’ ਦੇ ਸੰਪਾਦਕ ਪਾਵੇਲ ਕੁੱਸਾ ਨੇ ਦੱਸਿਆ ਕਿ ਨਰਿੰਦਰ ਕੁਮਾਰ ਜੀਤ ਨੇ ਆਪਣੀ 78 ਸਾਲਾਂ ਦੀ ਜ਼ਿੰਦਗੀ ਵਿੱਚੋਂ ਸਾਢੇ ਪੰਜ ਦਹਾਕਿਆਂ ਤੋਂ ਵੱਧ ਸਮਾਂ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਨੂੰ ਸਮਰਪਿਤ ਕੀਤਾ। ਇਸ ਦੌਰਾਨ ਉਹ ਲੋਕ ਜਮਹੂਰੀ ਸੰਘਰਸ਼ਾਂ ਦੀਆਂ ਮੋਹਰੀ ਕਤਾਰਾਂ ਵਿੱਚ ਸ਼ਾਮਲ ਰਹੇ।
ਉਹ ਬੀਐਸਐਨਐਲ ਕਰਮਚਾਰੀਆਂ ਦੀ ਜਥੇਬੰਦੀ ਦੇ ਸਥਾਨਕ ਆਗੂ ਵਜੋਂ ਸਰਗਰਮ ਰਹੇ ਅਤੇ ਬਾਅਦ ਵਿੱਚ ਲੋਕ ਮੋਰਚਾ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਆਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵਰਗੀਆਂ ਜਥੇਬੰਦੀਆਂ ਵਿੱਚ ਸੂਬਾਈ ਪੱਧਰ ’ਤੇ ਭੂਮਿਕਾ ਨਿਭਾਈ।
ਖਾਲਿਸਤਾਨੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਵਿੱਚ ਉਨ੍ਹਾਂ ਨੇ ਜ਼ਬਰ ਅਤੇ ਫਿਰਕਾਪ੍ਰਸਤੀ ਵਿਰੁੱਧ ਮੋਰਚਿਆਂ ’ਚ ਅਹਿਮ ਭੂਮਿਕਾ ਨਿਭਾਈ। ਇਕ ਲੋਕ-ਪੱਖੀ ਵਕੀਲ ਵਜੋਂ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਕਾਨੂੰਨੀ ਸਹਾਇਤਾ ਦਿੰਦੇ ਰਹੇ। ਆਦਿਵਾਸੀ ਖੇਤਰਾਂ ਵਿੱਚ ਹਕੂਮਤੀ ਜਬਰ ਨੂੰ ਬੇਨਕਾਬ ਕਰਨ ਲਈ ਉਹ ਮੌਕੇ ’ਤੇ ਜਾ ਕੇ ਪੜਤਾਲ ਕਰਦੇ ਰਹੇ। ਉਹ ਦੇਸ਼ ਭਰ ਦੇ ਬੁੱਧੀਜੀਵੀਆਂ ਵਿੱਚ ਜ਼ੁਲਮ ਵਿਰੁੱਧ ਗੂੰਜਦੀਆਂ ਮੋਹਰੀ ਆਵਾਜ਼ਾਂ ਵਿੱਚੋਂ ਇੱਕ ਸਨ।
ਉਨ੍ਹਾਂ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਵੱਖ-ਵੱਖ ਜਮਹੂਰੀ ਜਥੇਬੰਦੀਆਂ ਦੇ ਆਗੂ ਤੇ ਕਾਰਕੁੰਨ ਉਨ੍ਹਾਂ ਦੇ ਨਿਵਾਸ ’ਤੇ ਪਹੁੰਚੇ। ਇਸ ਮੌਕੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ, ਖੇਤ ਮਜ਼ਦੂਰ ਆਗੂ ਲਛਮਣ ਸੇਵੇਵਾਲਾ ਅਤੇ ਜੋਰਾ ਸਿੰਘ ਨਸਰਾਲੀ ਸਮੇਤ ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ ਹਾਜ਼ਰ ਸਨ।
ਇਨ੍ਹਾਂ ਆਗੂਆਂ ਨੇ ਸਮੂਹ ਜਮਹੂਰੀ ਤੇ ਇਨਕਲਾਬੀ ਕਾਰਕੁੰਨਾਂ ਨੂੰ ਅਪੀਲ ਕੀਤੀ ਕਿ ਉਹ ਸਾਥੀ ਐਨ. ਕੇ. ਜੀਤ ਨੂੰ ਸੰਗਰਾਮੀ ਵਿਦਾਇਗੀ ਦੇਣ ਲਈ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕਰਨ। ਅੰਤਿਮ ਸੰਸਕਾਰ 18 ਅਪਰੈਲ ਨੂੰ ਸਵੇਰੇ 11 ਵਜੇ ਰਾਮਬਾਗ, ਨੇੜੇ ਦਾਣਾ ਮੰਡੀ, ਬਠਿੰਡਾ ਵਿਖੇ ਕੀਤਾ ਜਾਵੇਗਾ।

