
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਵਲੋਂ ਕਿਸਾਨਾਂ ਤੇ ਹੋਰਾਂ ਨੂੰ ਭੇਜੇ ਸੰਮਨਾਂ ਦਾ ਵਿਰੋਧ ਕਰਦਿਆਂ ਜਾਂਚ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਕੁਝ ਸਿੱਖ ਜਥੇਬੰਦੀਆਂ ਨਾਲ ਸਬੰਧਤ ਸਿੱਖ ਕਾਰਕੁਨ ਐੱਨਆਈਏ ਕੋਲ ਜਾਂਚ ਵਿਚ ਸ਼ਾਮਲ ਹੋਣ ਵਾਸਤੇ ਜਾਣਗੇ। ਅੰਮ੍ਰਿਤਸਰ ਵਿਚ ਐੱਨਆਈਏ ਵਲੋਂ ਸਿੱਖ ਜਥੇਬੰਦੀਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਕਾਰਕੁਨਾਂ ਨੂੰ ਸੰਮਨ ਭੇਜੇ ਗਏ ਹਨ। ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿਚੋਂ ਇਨ੍ਹਾਂ ਸਿੱਖ ਜਥੇਬੰਦੀਆਂ ਨਾਲ ਸਬੰਧਤ ਕਈ ਨੌਜਵਾਨ ਸ਼ਾਮਲ ਹਨ। ਸੰਯੁਕਤ ਕਿਸਾਨ ਮੋਰਚੇ ਵਲੋਂ ਐੱਨਆਈਏ ਵਲੋਂ ਭੇਜੇ ਸੰਮਨਾਂ ਦਾ ਵਿਰੋਧ ਕਰਦਿਆਂ ਇਸ ਸਬੰਧੀ ਜਾਂਚ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਗਈ ਹੈ ਪਰ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਇਸ ਜਾਂਚ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਹੈ। ਸਿੱਖ ਯੂਥ ਪਾਵਰ ਆਫ ਪੰਜਾਬ ਦੇ ਆਗੂ ਪਰਮਜੀਤ ਸਿੰਘ ਅਕਾਲੀ ਅਤੇ ਉਨ੍ਹਾਂ ਦੀ ਜਥੇਬੰਦੀ ਨਾਲ ਸਬੰਧਤ ਪਲਵਿੰਦਰ ਸਿੰਘ ਅਮਰਕੋਟ ਦੋਵੇਂ ਜਾਂਚ ਵਿਚ ਸ਼ਾਮਲ ਹੋਣ ਲਈ ਦਿੱਲੀ ਚਲੇ ਗਏ ਹਨ। ਇਸ ਸਬੰਧੀ ਗੱਲ ਕਰਦਿਆਂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਹ 19 ਜਨਵਰੀ ਨੂੰ ਜਾਂਚ ਵਿਚ ਸ਼ਾਮਲ ਹੋਣਗੇ ਜਦੋਂ ਕਿ ਪਲਵਿੰਦਰ ਸਿੰਘ ਅਮਰਕੋਟ ਭਲਕੇ 18 ਜਨਵਰੀ ਨੂੰ ਜਾਂਚ ਵਿਚ ਸ਼ਾਮਲ ਹੋਣਗੇ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਨੇ ਆਖਿਆ ਕਿ ਉਨ੍ਹਾਂ ਨੂੰ 21 ਜਨਵਰੀ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਹਨ ਅਤੇ ਉਹ ਜਾਂਚ ਵਿਚ ਸ਼ਾਮਲ ਹੋਣ ਲਈ ਦਿੱਲੀ ਜਾਣਗੇ। ਉਨ੍ਹਾਂ ਦੱਸਿਆ ਕਿ ਕੁਝ ਸਿੱਖ ਆਗੂਆਂ ਵਲੋਂ ਕਿਸਾਨਾਂ ਵਾਂਗ ਜਾਂਚ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਦੌਰਾਨ ਲੋਕ ਇਨਸਾਫ ਵੈਲਫੇਅਰ ਸੁਸਾਇਟੀ ਦੇ ਮੁਖੀ ਬਲਦਵੇ ਸਿੰਘ ਸਿਰਸਾ, ਜੋ ਕਿਸਾਨ ਆਗੂ ਵੀ ਹਨ ਅਤੇ 32 ਕਿਸਾਨ ਜਥੇਬੰਦੀਆਂ ਵਿਚ ਸ਼ਾਮਲ ਹਨ, ਅੱਜ ਐੱਨਆਈਏ ਦੀ ਇਸ ਜਾਂਚ ਵਿਚ ਸ਼ਾਮਲ ਨਹੀਂ ਹੋਏ। ਉਨ੍ਹਾਂ ਨੂੰ ਵੀ ਐਨਆਈਏ ਵਲੋਂ ਸੰਮਨ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਜਾਂਚ ਵਿਚ ਸ਼ਾਮਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਹੈ ਅਤੇ ਉਂਜ ਵੀ ਉਨ੍ਹਾਂ ਨੂੰ ਪਰਿਵਾਰਕ ਰੁਝੇਵੇਂ ਹਨ, ਜਿਸ ਕਾਰਨ ਉਹ ਦਿੱਲੀ ਨਹੀਂ ਗਏ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ