ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 8 ਜੁਲਾਈ
ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਬੁੱਧਵਾਰ ਨੂੰ ਵੀ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਨਵੀਂ ਅਦਾਲਤ ਵਿੱਚ ਸੁਣਵਾਈ ਨਹੀਂ ਹੋ ਸਕੀ। ਅਦਾਲਤ ਨੇ ਕੇਸ ਦੀ ਸੁਣਵਾਈ 10 ਜੁਲਾਈ ਤੱਕ ਅੱਗੇ ਟਾਲ ਦਿੱਤੀ ਹੈ। ਅੱਜ ਕੇਸ ਦੀ ਸੁਣਵਾਈ ਦੌਰਾਨ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ, ਸਰਕਾਰੀ ਵਕੀਲ ਸੰਜੀਵ ਬੱਤਰਾ ਸਮੇਤ ਬਚਾਅ ਪੱਖ ਦੇ ਵਕੀਲ ਐੱਚਐਸੱ ਧਨੋਆ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਸਮੇਤ ਜਾਂਚ ਅਧਿਕਾਰੀ ਅਦਾਲਤ ਵਿੱਚ ਹਾਜ਼ਰ ਸਨ। ਸੁਮੇਧ ਸੈਣੀ ਦੇ ਵਕੀਲ ਏਪੀਐਸ ਦਿਉਲ ਸੁਣਵਾਈ ਸਮੇਂ ਅਦਾਲਤ ਵਿੱਚ ਹਾਜ਼ਰ ਨਹੀਂ ਸਨ। ਬਚਾਅ ਪੱਖ ਦੇ ਦੂਜੇ ਵਕੀਲ ਐਚਐਸ ਧਨੋਆ ਨੇ ਅਦਾਲਤ ਨੂੰ ਦੱਸਿਆ ਕਿ ਸੀਨੀਅਰ ਵਕੀਲ ਦਿਓਲ ਦੀ ਬਜ਼ੁਰਗ ਮਾਂ ਬਿਮਾਰ ਹਨ। ਇਸ ਕਾਰਨ ਉਹ ਅਦਾਲਤ ਵਿੱਚ ਨਹੀਂ ਆ ਸਕੇ। ਲਿਹਾਜ਼ਾ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ ਦਿੱਤੀ ਜਾਵੇ। ਅਦਾਲਤ ਨੇ ਬਚਾਅ ਪੱਖ ਦੀ ਦਲੀਲ ਨੂੰ ਮੰਨਦਿਆਂ ਸੈਣੀ ਖ਼ਿਲਾਫ਼ ਕੇਸ ਦੀ ਸੁਣਵਾਈ 10 ਜੁਲਾਈ ਤੱਕ ਅੱਗੇ ਟਾਲ ਦਿੱਤੀ।