ਸਾਬਕਾ ਸਿਹਤ ਮੰਤਰੀ ਖ਼ਿਲਾਫ਼ ਨਵੇਂ ਸੁਰਾਗ ਹੱਥ ਲੱਗੇ..!

ਪੈਸਟੀਸਾਈਡ ਦੀ ਸੈਂਪਲਿੰਗ ਕਰਨ ਤੋਂ ਰੋਕਦੇ ਸਨ ਨੇੜਲੇ

ਸਾਬਕਾ ਸਿਹਤ ਮੰਤਰੀ ਖ਼ਿਲਾਫ਼ ਨਵੇਂ ਸੁਰਾਗ ਹੱਥ ਲੱਗੇ..!

ਮਾਨਸਾ ਵਿੱਚ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਦੇ ਘਰ ਅੱਗੇ ਸ਼ੁੱਕਰਵਾਰ ਨੂੰ ਤਾਇਨਾਤ ਪੁਲੀਸ ਮੁਲਾਜ਼ਮ। -ਫੋਟੋ : ਸੁਰੇਸ਼

ਚਰਨਜੀਤ ਭੁੱਲਰ

ਚੰਡੀਗੜ੍ਹ, 27 ਮਈ

ਪੰਜਾਬ ਦੇ ਬਰਖਾਸਤ ਕੀਤੇ ਸਿਹਤ ਮੰਤਰੀ ਵਿਜੈ ਸਿੰਗਲਾ ਦੇ ਹੁਣ ਨਵੇਂ ਸੁਰਾਗ ਹੱਥ ਲੱਗੇ ਹਨ ਜਿਨ੍ਹਾਂ ਨੂੰ ਪੜਤਾਲ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਸਾਬਕਾ ਮੰਤਰੀ ਸਿੰਗਲਾ ਦੇ ਦੋ ਨਜ਼ਦੀਕੀਆਂ ਵੱਲੋਂ ਸਰਕਾਰੀ ਅਫ਼ਸਰਾਂ ਦੇ ਹੱਥ ਬੰਨ੍ਹਣ ਦੀ ਕੋਸ਼ਿਸ਼ ਸਬੰਧੀ ਘੋਖ ਸ਼ੁਰੂ ਹੋ ਗਈ ਹੈ। ਖੇਤੀ ਵਿਭਾਗ ਅਤੇ ਖੁਰਾਕ ਤੇ ਸਪਲਾਈ ਵਿਭਾਗ ਤੋਂ ਇਲਾਵਾ ਪੁਲੀਸ ਵਿਭਾਗ ਵਿਚ ਸਿੰਗਲਾ ਦੇ ਨੇੜਲਿਆਂ ਦੀ ਭੂਮਿਕਾ ’ਤੇ ਵੀ ਉਂਗਲ ਉੱਠੀ ਹੈ। ‘ਆਪ’ ਸਰਕਾਰ ਨੂੰ ਸਿੰਗਲਾ ਦੀ ਗ੍ਰਿਫਤਾਰੀ ਮਗਰੋਂ ਕਈ ਸ਼ਿਕਾਇਤਾਂ ਮਿਲੀਆਂ ਹਨ। ਅਹਿਮ ਸੂਤਰਾਂ ਅਨੁਸਾਰ ਸਿਹਤ ਮੰਤਰੀ ਵਿਜੈ ਸਿੰਗਲਾ ਦੇ ਕਾਰੋਬਾਰੀ ਹਿੱਸੇਦਾਰ ਦਾ ਪੈਸਟੀਸਾਈਡ ਦਾ ਕਾਰੋਬਾਰ ਹੈ। ਖੇਤੀ ਮਹਿਕਮੇ ਵੱਲੋਂ ਇਹ ਖ਼ੁਲਾਸਾ ਕੀਤਾ ਗਿਆ ਹੈ ਕਿ ਮਾਨਸਾ ਜ਼ਿਲ੍ਹੇ ਵਿਚ ਪੈਸਟੀਸਾਈਡ ਦੀ ਸੈਂਪਲਿੰਗ ਵਿਚ ਅੜਿੱਕੇ ਖੜ੍ਹੇ ਕੀਤੇ ਜਾਂਦੇ ਸਨ। ਸਿੰਗਲਾ ਦੇ ਨੇੜਲੇ ਇਸ ਪੈਸਟੀਸਾਈਡ ਕਾਰੋਬਾਰੀ ਵੱਲੋਂ ਖੇਤੀ ਮਹਿਕਮੇ ਦੇ ਅਫ਼ਸਰਾਂ ਦੀ ਝਾੜ-ਝੰਬ ਵੀ ਕੀਤੀ ਗਈ ਸੀ। ਸੂਤਰ ਦੱਸਦੇ ਹਨ ਕਿ ਖੇਤੀ ਅਫ਼ਸਰਾਂ ਨੂੰ ਤਾੜਿਆ ਹੋਇਆ ਸੀ ਕਿ ਉਹ ਸੈਂਪਲਿੰਗ ਕਰਨ ਤੋਂ ਗੁਰੇਜ਼ ਕਰਨ।ਇਥੋਂ ਦੇ ਦੋ ਖੇਤੀ ਵਿਕਾਸ ਅਫ਼ਸਰਾਂ ਨੇ ਸਿਆਸੀ ਧੌਂਸ ਝੱਲਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਨ੍ਹਾਂ ਦੀ ਪੜਤਾਲ ਕਰਵਾ ਦਿੱਤੀ ਗਈ ਜਿਸ ’ਚ ਇਨ੍ਹਾਂ ਅਫ਼ਸਰਾਂ ਖ਼ਿਲਾਫ਼ ਕੁਝ ਵੀ ਸਾਬਤ ਨਹੀਂ ਹੋ ਸਕਿਆ ਸੀ। ਹਾਲਾਂਕਿ ਖੇਤੀ ਅਫ਼ਸਰਾਂ ਨੇ ਬੇਵਸੀ ਜ਼ਾਹਿਰ ਕੀਤੀ ਸੀ ਕਿ ਉਹ ਸੈਂਪਲਿੰਗ ਦੇ ਦਿੱਤੇ ਟੀਚੇ ਪੂਰੇ ਕਰਨ ਲਈ ਕੰਮ ਰੋਕ ਨਹੀਂ ਸਕਦੇ। ਸੂਤਰ ਦੱਸਦੇ ਹਨ ਕਿ ‘ਆਪ’ ਸਰਕਾਰ ਕੋਲ ਸੂਚਨਾ ਪੁੱਜੀ ਹੈ ਕਿ ਮਾਨਸਾ ਜ਼ਿਲ੍ਹੇ ਵਿਚ ਫ਼ਸਲੀ ਖ਼ਰੀਦ ਦੌਰਾਨ ਪ੍ਰਤੀ ਬੋਰੀ ਇੱਕ ਰੁਪਏ ਦਾ ਕਮਿਸ਼ਨ ਵੀ ਲਿਆ ਗਿਆ ਸੀ।

ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਦਾ ਇੱਕ ਨੇੜਲਾ ਪੁਲੀਸ ਦੇ ਸੇਕ ਦੇ ਡਰੋਂ ਹਸਪਤਾਲ ਵਿਚ ਦਾਖ਼ਲ ਹੋ ਗਿਆ ਹੈ। ਭ੍ਰਿਸ਼ਟਾਚਾਰ ਵਿਰੋਧੀ ਸੈੱਲ ਵੱਲੋਂ ਵਿਜੈ ਸਿੰਗਲਾ ਅਤੇ ਉਸ ਦੇ ਭਾਣਜੇ ਪ੍ਰਦੀਪ ਕੁਮਾਰ ਦੀ ਆਡੀਓ ਟੇਪ ਦੀ ਪੁਣਛਾਣ ਕੀਤੀ ਜਾ ਰਹੀ ਹੈ। ਬਠਿੰਡਾ ਤੇ ਮਾਨਸਾ ਦੇ ਪੁਲੀਸ ਅਫ਼ਸਰਾਂ ਵੱਲੋਂ ਵੀ ਇਹ ਸੂਚਨਾ ‘ਆਪ’ ਸਰਕਾਰ ਨੂੰ ਦਿੱਤੀ ਗਈ ਹੈ ਕਿ ਸਿੰਗਲਾ ਦੇ ਰਿਸ਼ਤੇਦਾਰਾਂ ਵੱਲੋਂ ਪੁਲੀਸ ਅਫ਼ਸਰਾਂ ਨੂੰ ਸਿੱਧੇ ਫ਼ੋਨ ਖੜਕਾਏ ਜਾਂਦੇ ਸਨ ਅਤੇ ਸਰਕਾਰੀ ਕੰਮਾਂ ਵਿਚ ਦਾਖਲ ਦਿੱਤਾ ਜਾਂਦਾ ਸੀ। ਭ੍ਰਿਸ਼ਟਾਚਾਰ ਵਿਰੋਧੀ ਸੈੱਲ ਇਨ੍ਹਾਂ ਸਾਰੇ ਮਾਮਲਿਆਂ ਦੀ ਵੀ ਜਾਂਚ ਕਰ ਰਿਹਾ ਹੈ।

ਭ੍ਰਿਸ਼ਟਾਚਾਰ: ਵਿਜੈ ਸਿੰਗਲਾ ਦੇ ਨੇੜਲਿਆਂ ਦੇ ਘਰਾਂ ਨੂੰ ਤਾਲੇ ਲੱਗੇ

ਮਾਨਸਾ (ਜੋਗਿੰਦਰ ਸਿੰਘ ਮਾਨ): ਬਰਖਾਸਤ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਤੇ ਉਸ ਦੇ ਓਐੱਸਡੀ ਭਾਣਜੇ ਪ੍ਰਦੀਪ ਕੁਮਾਰ ਨੂੰ ਜੇਲ੍ਹ ਭੇਜਣ ਤੋਂ ਬਾਅਦ ਵੀ ਇਸ ਜ਼ਿਲ੍ਹੇ ਵਿਚਲੀ ਆਮ ਆਦਮੀ ਪਾਰਟੀ ਦੇ ਆਗੂਆਂ ਸਣੇ ਪਾਰਟੀ ਦੇ ਸੀਨੀਅਰ ਆਗੂ ਚੁੱਪ ਹਨ ਜਿਸ ਕਾਰਨ ਮਾਨਸਾ ਹਲਕੇ ਦੇ ਵੋਟਰਾਂ ਵਿਚ ਗੁੱਸਾ ਵਧ ਗਿਆ ਹੈ। ਡਾ. ਸਿੰਗਲਾ ਦੇ ਭਰਾ ਕੇਵਲ ਸਿੰਗਲਾ ਵੱਲੋਂ ਇਸ ਮਾਮਲੇ ਵਿੱਚ ਆਪਣੇ ਭਰਾ ਨੂੰ ਨਿਰਦੋਸ਼ ਦੱਸਦਿਆਂ ਸਾਜ਼ਿਸ਼ ਤਹਿਤ ਫਸਾਇਆ ਹੋਣ ਦਾ ਦਾਅਵਾ ਕਰਨ ਦੇ ਬਾਵਜੂਦ ਪਾਰਟੀ ਵੱਲੋਂ ਪਰਿਵਾਰ ਨਾਲ ਅਜੇ ਤੱਕ ਖੁੱਲ੍ਹ ਕੇ ਖੜ੍ਹਨ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ।ਉਧਰ ਡਾ. ਸਿੰਗਲਾ ਦੇ ਅੱਜ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦੇ ਡੇਢ ਦਰਜਨ ਦੇ ਕਰੀਬ ਨੇੜਲੇ ਘਰ ਛੱਡੀ ਬੈਠੇ ਹਨ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਸਿਹਤ ਮੰਤਰੀ ਦੇ ਭਾਣਜੇ ਪ੍ਰਦੀਪ ਬਾਂਸਲ, ਸ਼ਹਿਰ ਦੇ ਪੈਸਟੀਸਾਈਡ ਡੀਲਰ ਵਿਸ਼ਾਲ ਉਰਫ਼ ਲਵੀ, ਭੱਠਾ ਮਾਲਕ ਯੋਗੇਸ਼ ਕੁਮਾਰ ਤੇ ਸਿਹਤ ਵਿਭਾਗ ਬਠਿੰਡਾ ਵਿੱਚ ਤਾਇਨਾਤ ਦੰਦਾਂ ਦੇ ਡਾਕਟਰ ਗਿਰੀਸ਼ ਗਰਗ ਦਾ ਨਾਂ ਆਉਣ ਤੋਂ ਬਾਅਦ ਹੁਣ ਸ਼ਹਿਰ ਵਿੱਚ ਕਈ ਚਰਚਾਵਾਂ ਛਿੜ ਗਈਆਂ ਹਨ। ਮੰਤਰੀ ਨਾਲ ਨੇੜਤਾ ਰੱਖਣ ਵਾਲੇ ਡੇਢ ਦਰਜਨ ਤੋਂ ਵੱਧ ਲੋਕ ਅਜੇ ਵੀ ਰੂਪੋਸ਼ ਦੱਸੇ ਜਾਂਦੇ ਹਨ, ਜੋ ਸ਼ਹਿਰ ਵਾਸੀਆਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਬਿਲਕੁਲ ਨਹੀਂ ਮਿਲੇ। ਇਹ ਵੀ ਚਰਚਾ ਹੈ ਕਿ ਪੁਲੀਸ ਦੀ ਟੀਮ ਇੱਕ ਰਾਤ ਡਾ. ਵਿਜੈ ਸਿੰਗਲਾ ਨੂੰ ਮਾਨਸਾ ਉਨ੍ਹਾਂ ਦੇ ਘਰ ਲੈ ਕੇ ਆਈ ਸੀ ਤੇ ਕੁਝ ਸਮਾਂ ਤਲਾਸ਼ੀ ਲੈਣ ਮਗਰੋਂ ਵਾਪਸ ਚਲੀ ਗਈ।ਸੂਤਰਾਂ ਮੁਤਾਬਕ ਡਾ. ਵਿਜੈ ਸਿੰਗਲਾ ਦੇ ਮਾਮਲੇ ਦੀ ਜਾਂਚ ਵਿੱਚ ਚਾਰ ਹੋਰ ਵਿਅਕਤੀਆਂ ਦਾ ਨਾਂ ਜੁੜ ਗਿਆ ਹੈ, ਜਿਨ੍ਹਾਂ ਦੀ ਫੋਨ ਡਿਟੇਲ ਪੁਲੀਸ ਵੱਲੋਂ ਫਰੋਲੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਕਈ ਵਿਅਕਤੀ ਇਸ ਕਮਿਸ਼ਨ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਪੁਲੀਸ ਨੇ ਸਾਬਕਾ ਮੰਤਰੀ ਦੇ ਨਵੇਂ ਅਤੇ ਪੁਰਾਣੇ ਘਰ ਦੇ ਗੁਆਂਢੀਆਂ ਤੋਂ ਵੀ ਪੁੱਛਗਿੱਛ ਕੀਤੀ ਹੈ। ਸਾਬਕਾ ਮੰਤਰੀ ਦੇ ਨੇੜਲਿਆਂ ਦੇ ਫੋਨ ਬੰਦ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਚਾਰ ਵਿਅਕਤੀਆਂ ਦਾ ਨਾਂ ਖੁੱਲ੍ਹ ਕੇ ਸਾਹਮਣੇ ਆਇਆ ਹੈ, ਉਨ੍ਹਾਂ ਵਲੋਂ ਦਵਾਈਆਂ ਦੇ ਠੇਕੇ ਅਲਾਟ ਕਰਨ, ਅਧਿਕਾਰੀਆਂ ਨੂੰ ਫੋਨ ਕਰਕੇ ਕਮਿਸ਼ਨ ਮੰਗਣ ਤੇ ਨਵੇਂ ਟੈਂਡਰਾਂ ਵਿੱਚੋਂ ਇੱਕ ਫੀਸਦੀ ਕਮਿਸ਼ਨ ਦੇਣ ਦੀਆਂ ਮੰਗਾਂ ਕੀਤੀਆਂ ਜਾ ਰਹੀਆਂ ਸਨ। ਪਤਾ ਲੱਗਿਆ ਹੈ ਕਿ ਜ਼ਿਲ੍ਹੇ ਦੇ ਜਿਹੜੇ ਅਧਿਕਾਰੀਆਂ ਦੀਆਂ ਬਦਲੀਆਂ ਡਾ. ਸਿੰਗਲਾ ਦੀ ਸਿਫਾਰਸ਼ ਨਾਲ ਹੋਈਆਂ ਹਨ, ਉਨ੍ਹਾਂ ਨੂੰ ਵੀ ਘੋਖਿਆ ਜਾ ਰਿਹਾ ਹੈ।

ਬਿਮਾਰ ਹੋ ਗਿਆ ਸਿਹਤ ਮੰਤਰੀ

ਸੋਸ਼ਲ ਮੀਡੀਆ ’ਤੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ’ਤੇ ਵਿਅੰਗ ਕੱਸੇ ਜਾ ਰਹੇ ਹਨ। ਇਨਕਲਾਬੀ ਕਵੀ ਜਗਸੀਰ ਜੀਦਾ ਦੇ ਪੁਰਾਣੇ ਟੋਟਕੇ ‘ਭ੍ਰਿਸ਼ਟਾਚਾਰ ਦੀ ਬਿਮਾਰੀ ਐਸੀ ਫੈਲੀ, ਰੋਗੀ ਹੋ ਗਿਆ ਸਿਹਤ ਮੰਤਰੀ’ ਦੀ ਗੂੰਜ ਪੈ ਰਹੀ ਹੈ। ਚੇਤੇ ਰਹੇ ਕਿ ਜਦੋਂ 1997-2002 ਦੌਰਾਨ ਗੱਠਜੋੜ ਸਰਕਾਰ ਸੀ ਤਾਂ ਉਦੋਂ ਤਤਕਾਲੀ ਸਿਹਤ ਮੰਤਰੀ ਦੇ ਹਲਕੇ ਵਿਚਲੇ ਭ੍ਰਿਸ਼ਟਾਚਾਰ ’ਤੇ ਇਹ ਕਟਾਖਸ਼ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਬੋਲ ਵੀ ਸੋਸ਼ਲ ਮੀਡੀਆ ’ਤੇ ਘੁੰਮ ਰਹੇ ਹਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All