NEET Paper Leak: ਕਾਂਗਰਸ ਵਿਦਿਆਰਥੀਆਂ ਦੇ ਪੱਖ ’ਚ ਸੜਕਾਂ ’ਤੇ ਨਿੱਤਰੀ
ਕੇਂਦਰੀ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ; ਕੇਂਦਰ ਸਰਕਾਰ ’ਤੇ ਲਾਏ ਹਰ ਮੁਕਾਮ ’ਤੇ ਨਾਕਾਮ ਰਹਿਣ ਦੇ ਇਲਜ਼ਾਮ
NEET ਦਾ ਪੇਪਰ ਲੀਕ ਹੋਣ ਦੇ ਮਾਮਲੇ ’ਚ ਅੱਜ ਕਾਂਗਰਸ ਸੜਕਾਂ ’ਤੇ ਉੱਤਰੀ। ਕਾਂਗਰਸ ਦੀ ਮੁਕਾਮੀ (ਸਥਾਨਕ) ਲੀਡਰਸ਼ਿਪ ਅਤੇ ਵਰਕਰਾਂ ਨੇ ਰੋਸ ਮਾਰਚ ਕਰ ਕੇ ਜੋਸ਼ੀਲੀ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਪੇਪਰ ਲੀਕ ਹੋਣ ਲਈ ਮੋਦੀ ਸਰਕਾਰ ਨੂੰ ਨਿਕੰਮੀ ਗਰਦਾਨਦਿਆਂ, ਪੀੜਤ ਵਿਦਿਆਰਥੀਆਂ ਲਈ ਇਨਸਾਫ਼ ਮੰਗਿਆ। ਵਿਖਾਵਾਕਾਰੀਆਂ ਨੇ ਹਨੂੰਮਾਨ ਚੌਕ ਅੱਪੜ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਪੁਤਲਾ ਫੂਕਿਆ ਅਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ।
ਜ਼ਿਲ੍ਹਾ ਕਾਂਗਰਸ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ’ਚ ਹੋਏ ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਮੁਖ਼ਾਤਬ ਹੁੰਦਿਆਂ ਖ਼ੁਦ ਗਰਗ ਨੇ ਕੇਂਦਰੀ ਹਕੂਮਤ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੀ ਇਸ ਪ੍ਰੀਖ਼ਿਆ ਨੂੰ ਲੈ ਕੇ ਪੇਪਰ ਲੀਕ, ਗੜਬੜੀਆਂ ਅਤੇ ਪ੍ਰੀਖਿਆ ਪ੍ਰਬੰਧਨ ਵਿੱਚ ਖ਼ਾਮੀਆਂ ਦੇ ਦੋਸ਼ਾਂ ਨੇ ਸਿੱਖਿਆ ਪ੍ਰਣਾਲੀ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਉਨ੍ਹਾਂ ਪ੍ਰੀਖਿਆ ਪ੍ਰਕਿਰਿਆ ਦੀ ਨਿਰਪੱਖਤਾ ’ਤੇ ਸਵਾਲ ਚੁੱਕਦੇ ਹੋਏ ਸੁਤੰਤਰ ਜਾਂਚ ਦੀ ਮੰਗ ਕਰਦਿਆਂ, ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਨੀਟ ਵਰਗੀਆਂ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਵਿੱਚ ਪੂਰੀ ਪਾਰਦਰਸ਼ਤਾ ਅਤੇ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਯੋਗਤਾ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਮੌਕੇ ਮਿਲ ਸਕਣ ਅਤੇ ਪ੍ਰੀਖ਼ਿਆ ਪ੍ਰਣਾਲੀ ’ਤੇ ਲੋਕਾਂ ਦਾ ਭਰੋਸਾ ਕਾਇਮ ਰਹੇ।
ਬੀਬੀ ਅੰਮ੍ਰਿਤਾ ਗਿੱਲ ਨੇ ਮੋਦੀ ਹਕੂਮਤ ਨੂੰ ਨੀਟ ਵਿਦਿਆਰਥੀਆਂ ਦੀ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਵਾਰ-ਵਾਰ ਅਜਿਹੇ ਮਾਮਲੇ ਸਾਹਮਣੇ ਆਉਣ ਕਾਰਨ ਸਰਕਾਰ ਦੀ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਉੱਪਰ ਉਂਗਲ ਉੱਠਣੀ ਸੁਭਾਵਕ ਹੈ।
ਇਸ ਮੌਕੇ ਮੌੜ ਦੇ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖਾ, ਮੀਤ ਪ੍ਰਧਾਨ ਤੇ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਪੀਪੀਸੀਸੀ (PPCC) ਦੇ ਡੈਲੀਗੇਟ ਤੇ ਇੰਪਰੂਵਮੈਂਟ ਟਰਸਟ ਬਠਿੰਡਾ ਦੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਮਾਧਵ ਸ਼ਰਮਾ ਤੇ ਸੁਨੀਲ ਕੁਮਾਰ, ਦਰਸ਼ਨ ਸਿੰਘ ਰਾਮਾ, ਕ੍ਰਿਸ਼ਨ ਸਿੰਘ ਭਾਗੀਵਾਂਦਰ, ਅੰਗਰੇਜ਼ ਸਿੰਘ ਭਗਤਾ ਭਾਈਕਾ, ਗੁਰਚਰਨ ਸਿੰਘ ਫੂਲ, ਸੁਰਜੀਤ ਸਿੰਘ ਰਾਮਪੁਰਾ, ਸੁਖਦੀਪ ਸਿੰਘ ਮੌੜ (ਸਾਰੇ ਬਲਾਕ ਪ੍ਰਧਾਨ), ਯੂਥ ਆਗੂ ਸੁਖਵੰਤ ਸਿੰਘ, ਅਰੁਣ ਵਧਾਵਨ, ਕਿਰਨਜੀਤ ਗਹਿਰੀ, ਬਲਜਿੰਦਰ ਠੇਕੇਦਾਰ, ਹਰੀ ਓਮ ਕਪੂਰ ਤੋਂ ਇਲਾਵਾ ਵੱਡੀ ਗਿਣਤੀ ’ਚ ‘ਨੀਟ’ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ।

