ਟੀ ਬੀ ਵਿਰੁੱਧ ਜੰਗ ਨੂੰ ਲੋਕ ਲਹਿਰ ਬਣਾਉਣ ਦੀ ਲੋੜ: ਕਟਾਰੀਆ
ਰਾਜਪਾਲ ਵੱਲੋਂ ਟੀ ਬੀ ਤੇ ਛਾਤੀ ਦੇ ਰੋਗਾਂ ਬਾਰੇ ਕੌਮੀ ਕਾਨਫਰੰਸ ਦਾ ਆਗਾਜ਼
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਟੀ ਬੀ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ ਹੈ| ਇੱਥੇ ਰਾਜਪਾਲ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਤਪਦਿਕ (ਟੀ ਬੀ) ਅਤੇ ਫੇਫੜਿਆਂ ਦੀਆਂ ਬਿਮਾਰੀਆਂ ਬਾਰੇ 81ਵੀਂ ਕੌਮੀ ਕਾਨਫਰੰਸ ‘ਨੈਟਕੌਨ-2026’ ਦਾ ਉਦਘਾਟਨ ਕੀਤਾ|
ਰਾਜਪਾਲ ਨੇ ਕਿਹਾ ਕਿ ਟੀ ਬੀ ਦਾ ਖਾਤਮਾ ਸਿਰਫ਼ ਸਰਕਾਰ ਜਾਂ ਸਿਹਤ ਵਿਭਾਗ ਦੀ ਇਕੱਲੀ ਜ਼ਿੰਮੇਵਾਰੀ ਨਹੀਂ ਹੈ| ਇਸ ਲਈ ਸਾਰਿਆਂ ਨੂੰ ਅਹਿਦ ਲੈਣਾ ਹੋਵੇਗਾ ਕਿ ਕੋਈ ਟੀ ਬੀ ਮਰੀਜ਼ ਸਮੇਂ ਸਿਰ ਜਾਂਚ ਤੋਂ ਵਾਂਝਾ ਨਾ ਰਹੇ| ਰਾਜਪਾਲ ਨੇ ਸਾਲ 1939 ਵਿੱਚ ਸਥਾਪਤ ਟਿਊਬਰਕਲੋਸਿਸ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਦਹਾਕਿਆਂ ਤੋਂ ਭਾਰਤ ਵਿੱਚ ਟੀ ਬੀ ਕੰਟਰੋਲ, ਜਨਤਕ ਜਾਗਰੂਕਤਾ, ਡਾਕਟਰੀ ਸਿੱਖਿਆ ਅਤੇ ਵਿਗਿਆਨਕ ਖੋਜ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ| ਉਨ੍ਹਾਂ ਸੰਸਥਾ ਨੂੰ ਤਪਦਿਕ ਬਾਰੇ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਬੁਕਲੈੱਟ ਛਪਵਾ ਕੇ ਵਿਆਪਕ ਜਾਗਰੂਕਤ ਲਈ ਵੀ ਪ੍ਰੇਰਿਤ ਕੀਤਾ| ਰਾਜਪਾਲ ਨੇ ਟੀ ਬੀ ਦੇ ਮਰੀਜ਼ਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੌਸ਼ਟਿਕ ਖੁਰਾਕ ਉਪਲਬਧ ਕਰਵਾਉਣ ’ਤੇ ਵੀ ਜ਼ੋਰ ਦਿੱਤਾ| ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰਾਜਪਾਲ ਕਟਾਰੀਆ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਘੇਰੇ ਹੇਠ ਲਿਆਂਦੇ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਪੀ ਜੀ ਆਈ ਚੰਡੀਗੜ੍ਹ ਵਿੱਚ ਵੀ ਮੁਫ਼ਤ ਇਲਾਜ ਦੀ ਸਹੂਲਤ ਲਈ ਕਦਮ ਚੁੱਕੇ ਜਾਣ|
ਇਸ ਮੌਕੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਆਰਗੇਨਾਈਜ਼ਿੰਗ ਚੇਅਰਮੈਨ ਡਾ. ਵਿਸ਼ਾਲ ਚੋਪੜਾ ਨੇ ਦੱਸਿਆ ਕਿ ਕਾਨਫਰੰਸ ਵਿੱਚ ਦੇਸ਼ ਭਰ ਤੋਂ ਲਗਭਗ 500 ਪ੍ਰਤੀਨਿਧੀ ਪਹੁੰਚੇ ਹਨ| ਸੰਗਠਨ ਸਕੱਤਰ ਡਾ. ਕ੍ਰਾਂਤੀ ਗਰਗ ਨੇ ਦੱਸਿਆ ਕਿ ਤਿੰਨ ਰੋਜ਼ਾ ਕਾਨਫਰੰਸ ਵਿੱਚ ਵਿਗਿਆਨਕ ਸੈਸ਼ਨ, ਮਾਹਿਰਾਂ ਦੇ ਭਾਸ਼ਣ, ਖੋਜ ਪੇਸ਼ਕਾਰੀਆਂ ਅਤੇ ਤਪਦਿਕ ਤੇ ਸਾਹ ਪ੍ਰਣਾਲੀ ਦੀਆਂ ਹੋਰ ਬਿਮਾਰੀਆਂ ਦੀ ਜਾਂਚ, ਇਲਾਜ ਅਤੇ ਰੋਕਥਾਮ ਦੇ ਖੇਤਰ ਵਿੱਚ ਹੋਈਆਂ ਨਵੀਆਂ ਤਰੱਕੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ|
ਇਸ ਮੌਕੇ ਡਾ. ਵਿਸ਼ਵਾ ਕਟੋਚ, ਤਪਦਿਕ ਐਸੋਸੀਏਸ਼ਨ ਦੇ ਚੇਅਰਮੈਨ ਡਾ. ਵੀ ਕੇ ਵੋਹਰਾ, ਨੈਟਕੌਨ-2026 ਦੇ ਪ੍ਰਧਾਨ ਡਾ. ਸੂਰਿਆ ਕਾਂਤ, ਸਾਇੰਟਿਫਿਕ ਕਮੇਟੀ ਦੇ ਚੇਅਰਮੈਨ ਡਾ. ਐੱਸ ਕੇ ਜਿੰਦਲ, ਪੰਜਾਬ ਸਟੇਟ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ ਐੱਸ ਪੀ ਡਾ. ਹਰਮਨਦੀਪ ਸਿੰਘ ਹਾਂਸ, ਡਾਇਰੈਕਟਰ ਮੈਡੀਕਲ ਸਿੱਖਿਆ ਡਾ. ਅਵਨੀਸ਼ ਕੁਮਾਰ ਆਦਿ ਮੌਜੂਦ ਸਨ|

