ਭਾਰਤ-ਚੀਨ ਸਰਹੱਦੀ ਵਿਵਾਦ ਦੇ ਪੱਕੇ ਹੱਲ ਦੀ ਲੋੜ: ਰਾਜਨਾਥ
ਨਵੀਂ ਦਿੱਲੀ, 27 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਚੀਨੀ ਹਮਰੁਤਬਾ ਡੋਂਗ ਜੁਨ ਨਾਲ ਮੁਲਾਕਾਤ ਦੌਰਾਨ ਦੋਵੇਂ ਮੁਲਕਾਂ ਨੂੰ ਸਰਹੱਦੀ ਨਿਸ਼ਾਨਦੇਹੀ ਦੇ ਮਾਮਲੇ ਦਾ ਪੱਕਾ ਹੱਲ ਕੱਢਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਰਾਜਨਾਥ ਨੇ ਕਿਹਾ ਕਿ ਦੋਵੇਂ ਮੁਲਕਾਂ ਨੂੰ ਦਹਾਕਿਆਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਦਾ ਪੱਕਾ ਹੱਲ ਲੱਭਣਾ ਚਾਹੀਦਾ ਹੈ। ਭਾਰਤੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰਾਜਨਾਥ ਨੇ ਵੀਰਵਾਰ ਨੂੰ ਕਿੰਗਦਾਓ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਤੋਂ ਅੱਡ ਚੀਨ ਦੇ ਡੋਂਗ ਜੁਨ ਨਾਲ ਮੁਲਾਕਾਤ ਕੀਤੀ ਅਤੇ ਅਸਲ ਕੰਟਰੋਲ ਰੇਖਾ ’ਤੇ ਫੌਜਾਂ ਪੱਕੇ ਤੌਰ ’ਤੇ ਘਟਾਉਣ ਲਈ ਕਾਰਜਯੋਜਨਾ ਪੇਸ਼ ਕੀਤੀ। ਬਿਆਨ ਵਿੱਚ ਕਿਹਾ ਗਿਆ, ‘‘ਰਾਜਨਾਥ ਸਿੰਘ ਨੇ ਸਰਹੱਦੀ ਪ੍ਰਬੰਧਨ ਅਤੇ ਇਸ ਮੁੱਦੇ ’ਤੇ ਸਥਾਪਤ ਪ੍ਰਣਾਲੀ ਨੂੰ ਸੁਰਜੀਤ ਕਰਕੇ ਸਰਹੱਦੀ ਨਿਸ਼ਾਨਦੇਹੀ ਦਾ ਸਥਾਈ ਹੱਲ ਲੱਭਣ ’ਤੇ ਵੀ ਜ਼ੋਰ ਦਿੱਤਾ।’’ ਭਾਰਤ ਵੱਲੋਂ ਚੀਨ ਨਾਲ ਸਰਹੱਦੀ ਵਿਵਾਦ ਦੇ ਪੱਕੇ ਨਿਬੇੜੇ ’ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਨਵੀਂ ਦਿੱਲੀ ਨੇ ਕਿਹਾ ਕਿ ਡੋਂਗ ਨਾਲ ਮੁਲਾਕਾਤ ਦੌਰਾਨ ਰਾਜਨਾਥ ਸਿੰਘ ਨੇ 2020 ਦੇ ਟਕਰਾਅ ਤੋਂ ਬਾਅਦ ਪੈਦਾ ਹੋਏ ਭਰੋਸੇ ਦੀ ਘਾਟ ਨੂੰ ਦੂਰ ਕਰਨ ਦੀ ਵੀ ਮੰਗ ਕੀਤੀ। ਬਿਆਨ ਵਿੱਚ ਕਿਹਾ ਗਿਆ ਕਿ ਰੱਖਿਆ ਮੰਤਰੀਆਂ ਨੇ ਭਾਰਤ-ਚੀਨ ਸਰਹੱਦ ’ਤੇ ਫੌਜਾਂ ਦੀ ਨਫ਼ਰੀ ਘਟਾਉਣ, ਤਣਾਅ ਘੱਟ ਕਰਨ, ਸਰਹੱਦੀ ਪ੍ਰਬੰਧਨ ਅਤੇ ਹੱਦ ਤੈਅ ਕਰਨ ਸਬੰਧੀ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ।
ਜ਼ਿਕਰਯੋਗ ਹੈ ਕਿ ਐੱਸਸੀਓ ਦੇ ਸਾਂਝੇ ਐਲਾਨਨਾਮੇ ’ਚ ਪਹਿਲਗਾਮ ਦਹਿਸ਼ਤੀ ਹਮਲੇ ਦਾ ਜ਼ਿਕਰ ਨਾ ਹੋਣ ਕਾਰਨ ਭਾਰਤ ਨੇ ਉਸ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਇਹ ਐਲਾਨਨਾਮਾ ਜਾਰੀ ਨਹੀਂ ਹੋ ਸਕਿਆ ਸੀ। ਚੀਨ ਦਾ ਕਹਿਣਾ ਹੈ ਕਿ ਸਰਹੱਦੀ ਵਿਵਾਦ ਨਾਲ ਦੋਵੇਂ ਮੁਲਕਾਂ ਦੇ ਸਬੰਧਾਂ ’ਤੇ ਅਸਰ ਨਹੀਂ ਪੈਣਾ ਚਾਹੀਦਾ ਹੈ ਅਤੇ ਜਦੋਂ ਤੱਕ ਗੱਲਬਾਤ ਰਾਹੀਂ ਆਪਸੀ ਸਵੀਕਾਰਨਯੋਗ ਹੱਲ ਨਹੀਂ ਲੱਭ ਲਿਆ ਜਾਂਦਾ ਹੈ, ਉਦੋਂ ਤੱਕ ਮਤਭੇਦ ਸੁਲਝਾਉਣ ਦੇ ਯਤਨ ਜਾਰੀ ਰਹਿਣੇ ਚਾਹੀਦੇ ਹਨ। ਮੀਟਿੰਗ ਬਾਰੇ ਚੀਨੀ ਰੱਖਿਆ ਮੰਤਰਾਲੇ ਦਾ ਹਾਲੇ ਕੋਈ ਬਿਆਨ ਨਹੀਂ ਆਇਆ ਹੈ ਅਤੇ ਉਸ ਦੇ ਵਿਦੇਸ਼ ਮੰਤਰਾਲੇ ਨੇ ਵੀ ਭਾਰਤ ਦੇ ਬਿਆਨ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। -ਰਾਇਟਰਜ਼