ਨਵਨੀਤ ਸਿੰਘ ਅਤੇ ਬੂਟਾ ਰਾਮ ਮਸਾਣੀ ਨੂੰ ਪਾਠਕ ਪੁਰਸਕਾਰ
ਕਹਾਣੀਕਾਰ ਬਲੀਜੀਤ ਨੂੰ ਮਿਲਿਆ ਪ੍ਰੇਮ ਪ੍ਰਕਾਸ਼ ਯਾਦਗਾਰੀ ਪੁਰਸਕਾਰ
ਕੁਲਦੀਪ ਸਿੰਘ
‘ਪੰਜਾਬੀ ਸਾਹਿਤਕ ਸੱਭਿਆਚਾਰਕ ਵਿਚਾਰ ਮੰਚ ਸਰ੍ਹੀ, ਬੀ ਸੀ ਅਤੇ ਅਦਾਰਾ ‘ਕਹਾਣੀ ਧਾਰਾ’ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਇਥੇ ਕਲਾ ਭਵਨ ਵਿੱਚ ਪਾਠਕ ਪੁਰਸਕਾਰ ਤੇ ਪ੍ਰੇਮ ਪ੍ਰਕਾਸ਼ ਕਹਾਣੀ ਪੁਰਸਕਾਰ ਦਿੱਤੇ ਗਏ। ਪੁਰਸਕਾਰ ਪ੍ਰਬੰਧਕ ਅਤੇ ਕਹਾਣੀਕਾਰ ਭਗਵੰਤ ਰਸੂਲਪੂਰੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
ਅਮਰਜੀਤ ਚਾਹਲ ਨੇ ਪੁਰਸਕਾਰ ਦੇਣ ਦੀ ਵਿਧੀ ਤੇ ਰੂਪਰੇਖਾ ਦੱਸੀ। ਪ੍ਰਕਾਸ਼ਕ ਤੇ ਲੇਖਕ ਹਰੀਸ਼ ਜੈਨ ਨੇ ‘ਪੁਸਤਕ ਸੱਭਿਆਚਾਰ ਤੇ ਪੜ੍ਹਨ ਦੀ ਰੁਚੀ ਦਾ ਰੁਝਾਨ’ ਵਿਸ਼ੇ ’ਤੇ ਕਿਹਾ ਕਿ ਪੜ੍ਹਨ ਦੀ ਰੁਚੀ ਲਗਾਤਾਰ ਘੱਟ ਰਹੀ ਹੈ ਅਤੇ ਪੁਸਤਕ ਮੇਲਿਆਂ ਵਿਚ ਵੀ ਗੀਤ-ਸੰਗੀਤ ਭਾਰੂ ਹੈ। ਸਮਾਗਮ ਦੇ ਅਗਲੇ ਦੌਰ ਵਿਚ ਉੱਘੇ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪਿੰਡਾਂ ਵਿਚ ਪੁਸਤਕ ਸੱਭਿਆਚਾਰ ਲਗਾਤਾਰ ਘਟ ਰਿਹਾ ਹੈ। ਨਵਨੀਤ ਸਿੰਘ ਤੇ ਬੂਟਾ ਰਾਮ ਮਸਾਣੀ ਨੂੰ ਪਾਠਕ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ। ਕਹਾਣੀਕਾਰ ਬਲੀਜੀਤ ਨੂੰ ਪ੍ਰੇਮ ਪ੍ਰਕਾਸ਼ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੇ ਸਨਮਾਨ ਪੱਤਰ ਕ੍ਰਮਵਾਰ ਜਗਦੀਪ ਸਿੱਧੂ, ਸੁਰਜੀਤ ਸੁਮਨ ਤੇ ਭਗਵੰਤ ਰਸੂਲਪੁਰੀ ਨੇ ਪੜ੍ਹੇ। ਇਸ ਮੌਕੇ ਡਾ. ਗੁਰਪਾਲ ਸਿੰਘ ਸੰਧੂ, ਅਮਰਜੀਤ ਚਾਹਲ, ਪਰਮਜੀਤ ਮਾਨ, ਮੋਹਨ ਗਿੱਲ, ਜਸਵੀਰ ਮਾਹਲ ਤੇ ਗੁਲ ਚੌਹਾਨ ਹਾਜ਼ਰ ਸਨ। ਆਖ਼ਰ ਵਿਚ ਕਹਾਣੀਕਾਰ ਬਲੀਜੀਤ ਨੇ ਆਪਣੀ ਕਹਾਣੀ ਦੇ ਸਫ਼ਰ ਬਾਰੇ ਦੱਸਿਆ। ਪਾਠਕ ਪੁਰਸਕਾਰ ਪ੍ਰਾਪਤ ਨਵਨੀਤ ਸਿੰਘ ਨੇ ਆਪਣੀ ਪੜ੍ਹਨ ਦੀ ਰੁਚੀ ਬਾਰੇ ਚਾਨਣਾ ਪਾਇਆ। ਸਮਾਗਮ ਦਾ ਸੰਚਾਲਨ ਡਾ. ਸੁਖਪਾਲ ਕੌਰ ਨੇ ਕੀਤਾ।

