ਨੈਸ਼ਨਲ ਸਕੂਲ ਖੇਡਾਂ: ਤਗ਼ਮਾ ਜੇਤੂਆਂ ਨੂੰ ਤਿੰਨ ਸਾਲ ਤੋਂ ਨਾ ਮਿਲੀ ਇਨਾਮੀ ਰਾਸ਼ੀ
ਨੈਸ਼ਨਲ ਸਕੂਲ ਖੇਡਾਂ ਵਿੱਚ ਤਗ਼ਮੇ ਜਿੱਤਣ ਵਾਲੇ 500 ਦੇ ਕਰੀਬ ਖਿਡਾਰੀਆਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਸਰਕਾਰ ਦੀ ਖੇਡ ਨੀਤੀ ਅਨੁਸਾਰ ਬਣਦੀ ਇਨਾਮੀ ਰਾਸ਼ੀ ਨਹੀਂ ਮਿਲੀ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ 3 ਜੁਲਾਈ 2023 ਨੂੰ ਸਕੂਲ ਸਿੱਖਿਆ ਖੇਡ ਸੰਚਾਲਨ ਨੀਤੀ ਬਣਾ ਕੇ ਪੰਜਾਬ ਦੇ ਸਕੂਲੀ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਖੇਡ ਨੀਤੀ ਤਹਿਤ 33 ਖੇਡਾਂ ਵਿੱਚ ਕੌਮੀ ਪੱਧਰ ’ਤੇ ਖਿਡਾਰੀਆਂ ਨੂੰ ਸੋਨੇ, ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤਣ ਲਈ ਕ੍ਰਮਵਾਰ 7500, 5000, 3000 ਰੁਪਏ ਦੇਣ ਦਾ ਐਲਾਨ ਕੀਤਾ ਹੋਇਆ ਹੈ ਜੋ ਕਿ ਕਿਸੇ ਵੀ ਯੋਗ ਖਿਡਾਰੀ ਨੂੰ ਹਾਲੇ ਤੱਕ ਨਹੀਂ ਮਿਲਿਆ। ਇਸ ਤਰ੍ਹਾਂ ਰਾਜ ਪੱਧਰ ’ਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ-ਸ਼ਰਟ ਤੇ ਨਿੱਕਰ ਦੇਣਾ ਵੀ ਸ਼ਾਮਲ ਸੀ ਪਰ ਬਹੁਤੇ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਰੰਗ ਬਿਰੰਗੀਆਂ ਕਿੱਟਾਂ ਵਿੱਚ ਹੀ ਮੈਚ ਖੇਡੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਕਾਰਨ ਪੰਜਾਬ ਖੇਡਾਂ ਵਿੱਚ ਕੌਮੀ ਪੱਧਰ ’ਤੇ ਪੱਛੜਦਾ ਜਾ ਰਿਹਾ ਹੈ। ਫਰੰਟ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਬਣਦੀ ਇਨਾਮੀ ਰਾਸ਼ੀ ਜਾਰੀ ਕਰੇ।
ਰਿਆਇਤੀ ਅੰਕ ਦੇਣ ਬਾਰੇ ਵੀ ਸਪੱਸ਼ਟ ਕਰਨ ਦੀ ਮੰਗ
ਖੇਡੀ ਨੀਤੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨੈਸ਼ਨਲ ਸਕੂਲ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 25, 22 ਤੇ 20 ਰਿਆਇਤੀ ਅੰਕ ਦੇਣ ਦਾ ਪ੍ਰਬੰਧ ਹੈ ਅਤੇ ਸਟੇਟ ਪੱਧਰ ਦੇ ਮੈਡਲ ਜੇਤੂਆਂ ਨੂੰ 15, 12 ਤੇ 9 ਅੰਕ ਦੇਣ ਦੀ ਗੱਲ ਕਹੀ ਗਈ ਹੈ ਪਰ ਸਿੱਖਿਆ ਬੋਰਡ ਵੱਲੋਂ ਇਹ ਅੰਕ ਵੱਖਰੇ ਤੌਰ ’ਤੇ ਨਹੀਂ ਦਰਸਾਏ ਗਏ। ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਜਿੱਥੇ ਸਿੱਖਿਆ ਵਿਭਾਗ ਨੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ, ਉਥੇ ਖੇਡ ਵਿਭਾਗ ਪੰਜਾਬ ਵੀ 1000 ਦੇ ਲਗਪਗ ਸਕੂਲੀ ਖਿਡਾਰੀਆਂ ਲਈ ਪਿਛਲੇ ਦੋ ਸਾਲਾਂ ਤੋਂ ਇਨਾਮੀ ਰਾਸ਼ੀ ਦੇਣ ਵਿੱਚ ਟਾਲ-ਮਟੋਲ ਕਰ ਰਿਹਾ ਹੈ।