ਨਾਬਾਲਗ ਨਾਲ ਜਬਰ ਜਨਾਹ ਮਾਮਲੇ ਦਾ ਕੌਮੀ ਮਹਿਲਾ ਕਮਿਸ਼ਨ ਵੱਲੋਂ ਨੋਟਿਸ
ਇਥੇ ਸਰਕਾਰੀ ਸਕੂਲ ਦੀ 12 ਸਾਲਾ ਵਿਦਿਆਰਥਣ ਨਾਲ ਸਕੂਲ ਦੇ ਹੈੱਡਮਾਸਟਰ ਵੱਲੋਂ ਕੀਤੇ ਕਥਿਤ ਜਬਰ ਜਨਾਹ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਕੌਮੀ ਮਹਿਲਾ ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ ਜਾਂਚ ਤੇਜ਼ ਕਰਨ ਅਤੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ...
ਇਥੇ ਸਰਕਾਰੀ ਸਕੂਲ ਦੀ 12 ਸਾਲਾ ਵਿਦਿਆਰਥਣ ਨਾਲ ਸਕੂਲ ਦੇ ਹੈੱਡਮਾਸਟਰ ਵੱਲੋਂ ਕੀਤੇ ਕਥਿਤ ਜਬਰ ਜਨਾਹ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਕੌਮੀ ਮਹਿਲਾ ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ ਜਾਂਚ ਤੇਜ਼ ਕਰਨ ਅਤੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਬੀਤੀ 11 ਅਗਸਤ ਨੂੰ 52 ਸਾਲਾ ਹੈੱਡਮਾਸਟਰ ਨੇ ਵਿਦਿਆਰਥਣ ਨਾਲ ਜ਼ਬਰਦਸਤੀ ਕੀਤੀ ਸੀ। ਘਟਨਾ ਤੋਂ ਲਗਭਗ ਦੋ ਹਫ਼ਤੇ ਬਾਅਦ ਸ਼ਿਕਾਇਤ ਮਿਲਣ ’ਤੇ ਹੈੱਡਮਾਸਟਰ ਨੂੰ ਹਰਿਆਣਾ ਪੁਲੀਸ ਨੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹੈ, ਜਦੋਂਕਿ ਪੀੜਤਾ ਦਾ ਇਲਾਜ ਹਸਪਤਾਲ ’ਚ ਚੱਲ ਰਿਹਾ ਹੈ।
ਮਹਿਲਾ ਕਮਿਸ਼ਨ ਨੇ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮੁਲਜ਼ਮ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਆਖਿਆ ਹੈ। ਕਮਿਸ਼ਨ ਦੀ ਚੇਅਰਪਰਸਨ ਵਿਜਿਯ ਰਾਹਤਕਰ ਨੇ ਸਬੰਧਤ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਕਮਿਸ਼ਨ ਨੇ ਕਾਨੂੰਨੀ ਧਾਰਾਵਾਂ ਨੂੰ ਵੀ ਪੂਰੀ ਤਰਾਂ ਲਾਗੂ ਕਰਨ ਅਤੇ ਮੁਲਜ਼ਮ ਦੇ ਪਿਛੋਕੜ ਦੀ ਵੀ ਜਾਂਚ ਕਰਨ ਲਈ ਆਖਿਆ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਪੀੜਿਤਾ ਲਈ ਵਿਸ਼ੇਸ਼ ਮੈਡੀਕਲ ਅਤੇ ਕਾਨੂੰਨੀ ਸਹਾਇਤਾ ਨੂੰ ਯਕੀਨ ਬਣਾਉਣ ਅਤੇ ਤੁਰੰਤ ਮੁਆਵਜ਼ਾ ਦੇਣ ਲਈ ਵੀ ਕਿਹਾ ਹੈ। ਪੀੜਤ ਪਰਿਵਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਮੁਲਜ਼ਮ ਕਾਫ਼ੀ ਦੇਰ ਤੋਂ ਉਨ੍ਹਾਂ ਦੀ ਬੱਚੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਪਰ ਡਰ ਦੇ ਮਾਰੇ ਉਹ ਚੁੱਪ ਰਹੀ। 11 ਤਰੀਕ ਦੀ ਘਟਨਾ ਤੋਂ ਬਾਅਦ ਲੜਕੀ ਨੇ ਪੂਰੀ ਹਕੀਕਤ ਬਿਆਨ ਕੀਤੀ।

