ਸੰਕਟ ਨਾਲ ਜੂਝਣਾ ਹੀ ਬਣਿਆ ਨਸੀਬ ਕੌਰ ਦਾ ਨਸੀਬ

ਕੋਈ ਫੜੇ ਨਾ ਸਾਡੀ ਬਾਂਹ ਬਾਬਾ ਨਾਨਕਾ !

ਸੰਕਟ ਨਾਲ ਜੂਝਣਾ ਹੀ ਬਣਿਆ ਨਸੀਬ ਕੌਰ ਦਾ ਨਸੀਬ

ਨਸੀਬ ਕੌਰ ਆਪਣੇ ਵੱਡੇ ਬੇਟੇ ਗੁਰਮੀਤ ਨਾਲ।

ਪਿਛਲੇ ਢਾਈ ਦਹਾਕਿਆਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਬੜੀ ਤੇਜ਼ੀ ਨਾਲ ਹੋਇਆ ਹੈ। ਨਸ਼ਾ ਕਰਦਿਆਂ ਮਨੁੱਖ ਆਪਣੇ ਆਪ ਨਾਲ ਹਿੰਸਾ ਕਰਦਾ ਹੈ। ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਕਿ ਉਹ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਰੋਕਣਗੇ ਪਰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਇਸ ਸਬੰਧ ਵਿਚ ਪੰਜਾਬੀ ਸਮਾਜ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਉਮੀਦ ਸੀ ਕਿ ਕਰੋਨਾਵਾਇਰਸ ਦੌਰਾਨ ਹੋ ਰਹੀ ਸਖ਼ਤੀ ਕਾਰਨ ਨਸ਼ਿਆਂ ਦਾ ਫੈਲਾਓ ਕੁਝ ਘੱਟ ਜਾਵੇਗਾ ਪਰ ਪਿਛਲੇ ਦਿਨਾਂ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਅਤੇ ਵੱਧ ਰਹੀ ਹਿੰਸਾ ਦੱਸਦੇ ਹਨ ਕਿ ਅਸੀਂ ਨਸ਼ਿਆਂ ਦਾ ਫੈਲਾਓ ਰੋਕਣ ਵਿਚ ਅਸਫ਼ਲ ਰਹੇ ਹਾਂ।

ਹਮੀਰ ਸਿੰਘ
ਮਰਖਾਈ (ਜ਼ੀਰਾ), 10 ਜੁਲਾਈ

ਕੋਈ ਵਿਅਕਤੀ ਆਪਣੇ ਜੀਵਨ ਵਿੱਚ ਕਿੰਨੇ ਕੁ ਸੰਕਟਾਂ ਨਾਲ ਜੂਝ ਸਕਦਾ ਹੈ, ਇਸ ਦਾ ਅੰਦਾਜ਼ਾ ਮਰਖਾਈ ਦੀ ਨਸੀਬ ਕੌਰ ਤੋਂ ਲਾਇਆ ਜਾ ਸਕਦਾ ਹੈ। ਜਨਮ ਤੋਂ ਪੋਲੀਓ ਕਾਰਨ ਲੱਤਾਂ ਜਵਾਬ ਦੇ ਗਈਆਂ, ਬੱਚਾ ਮੰਦਬੁੱਧੀ ਪੈਦਾ ਹੋਇਆ ਤੇ ਪਤੀ ਨਸ਼ੇ ਦੀ ਦਲਦਲ ਵਿੱਚ ਫਸ ਕੇ ਜਵਾਨੀ ਸਮੇਂ ਹੀ ਸੰਸਾਰ ਤੋਂ ਕੂਚ ਕਰ ਗਿਆ। ਅੱਗੇ ਬੱਚੇ ਪਾਲਣ ਦੀ ਸਮੱਸਿਆ। ਉਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ।

ਉਸ ਦਾ ਘਰ ਛੋਟੇ ਜਿਹੇ ਕਮਰੇ ਵਿਚ ਹੀ ਸਿਮਟਿਆ ਹੋਇਆ ਹੈ ਜਿਸ ਵਿਚ ਰਸੋਈ ਤੇ ਪਖਾਨੇ ਦੀ ਵੀ ਅਣਹੋਂਦ ਹੈ। ਨਸੀਬ ਕੌਰ ਦਾ ਪਤੀ ਰਾਜੂ ਤੀਹ ਕੁ ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਪਹਿਲਾਂ ਉਹ ਘਰ ਦੇ ਬਾਹਰ ਸੜਕ ਉੱਤੇ ਹੀ ਸਾਈਕਲਾਂ ਦੇ ਪੈਂਚਰ ਲਗਾਉਂਦਾ ਸੀ।

ਇਸੇ ਦੌਰਾਨ ਉਹ ਨਸ਼ਾ ਕਰਨ ਲੱਗ ਗਿਆ। ਉਸ ਨੇ ਪੈਂਚਰ ਲਗਾਉਣੇ ਛੱਡ ਕੇ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ। ਉਹ ਜੋ ਕਮਾਉਂਦਾ ਉਸ ਦਾ ਹੀ ਨਸ਼ਾ ਕਰ ਲੈਂਦਾ ਸੀ।

ਉਹ ਟੀਕੇ ਵੀ ਲਗਾਉਣ ਲੱਗ ਪਿਆ ਸੀ। ਸਿਹਤ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਨੂੰ ਟੀਬੀ ਦੇ ਰੋਗ ਨੇ ਵੀ ਘੇਰ ਰੱਖਿਆ ਹੈ। ਇਹ ਪਤਾ ਲੱਗਣ ਤੋਂ ਪਿੱਛੋਂ ਉਸ ਨੇ ਇੱਕ ਸਾਲ ਤੱਕ ਨਸ਼ਾ ਕੀਤਾ। ਘਰ ਵਿੱਚ ਤਾਂ ਪਹਿਲਾਂ ਹੀ ਕੁੱਝ ਨਹੀਂ ਸੀ ਪਰ ਜੋ ਵੀ ਭਾਂਡਾ ਟੀਂਡਾ ਸੀ ਸਭ ਵੇਚ ਦਿੱਤਾ। ਉਸ ਦੇ ਘਰ ਵਾਲੇ ਨੂੰ ਮੰਗਣ ਦੀ ਆਦਤ ਪੈ ਗਈ ਤੇ ਜੋ ਪੈਸੇ ਮਿਲਦੇ ਉਹ ਉਸ ਦਾ ਨਸ਼ਾ ਕਰ ਲੈਂਦਾ। ਆਖਿਰ ਉਸ ਦੇ ਗੁਰਦੇ ਵੀ ਜਵਾਬ ਦੇ ਗਏ। ਉਹ 20 ਦਿਨ ਮੰਜੇ ਉੱਤੇ ਹੀ ਪਿਆ ਰਿਹਾ ਤੇ ਫੇਰ ਨਹੀਂ ਉਠਿਆ। ਉਹ 28 ਅਗਸਤ 2019 ਨੂੰ ਵਿਛੋੜਾ ਦੇ ਗਿਆ। ਉਸ ਦੇ ਚਲੇ ਜਾਣ ਦਾ ਦੁੱਖ ਤਾਂ ਸੁਭਾਵਿਕ ਹੈ। ਉੁਸ ਨੇ ਕਿਹਾ ਕਿ ਪਤੀ ਜਿਹੋ ਜਿਹਾ ਵੀ ਹੋਵੇ ਬੰਦੇ ਨਾਲ ਔਰਤ ਦਾ ਵੀ ਸਨਮਾਨ ਬਣਿਆ ਰਹਿੰਦਾ ਹੈ। ਇਸ ਤੋਂ ਬਿਨਾਂ ਤਾਂ ਜ਼ਿੰਦਗੀ ਜਿਉਣੀ ਬਹੁਤ ਮੁਸ਼ਕਿਲ ਹੈ।

ਨਸੀਬ ਕੌਰ ਨੇ ਕਿਹਾ ਕਿ ਉਸ ਦਾ ਵੱਡਾ ਬੇਟਾ ਗੁਰਮੀਤ 15 ਸਾਲ ਦਾ ਹੈ। ਉਹ ਮੰਦਬੁੱਧੀ ਹੈ ਤੇ ਆਪਣਾ ਖਿਆਲ ਖੁਦ ਨਹੀਂ ਰੱਖ ਸਕਦਾ। ਉਸ ਤੋਂ ਛੋਟੀ ਬੇਟੀ ਪਰਮਜੀਤ ਅਤੇ ਛੋਟਾ ਬੇਟਾ ਮਨਦੀਪ ਸਿੰਘ ਹੈ। ਉਸ ਦੀ ਇਕੱਲੀ ਦੀ ਕਮਾਈ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਨਸੀਬ ਕੌਰ ਦੱਸਦੀ ਹੈ ਕਿ ਕੁੱਝ ਮਹੀਨੇ ਤਾਂ ਮਟਰ ਤੋੜਨ ਦਾ ਕੰਮ ਮਿਲ ਜਾਂਦਾ ਹੈ। ਦੋਵੇਂ ਬੱਚੇ ਵੀ ਨਾਲ ਹੀ ਜਾਂਦੇ ਹਨ। ਉਹ ਬੱਚਿਆਂ ਨੂੰ ਸਕੂਲ ਭੇਜ ਕੇ ਕੀ ਕਰੇਗੀ ਜਦੋਂ ਖਾਣ ਲਈ ਹੀ ਕੁੱਝ ਨਹੀਂ ਹੈ।

ਉਹ ਦੱਸਦੀ ਹੈ ਕਿ ਪਤੀ ਦੇ ਇਲਾਜ ਲਈ ਜਿਨ੍ਹਾਂ ਤੋਂ ਉਸ ਨੇ ਪੈਸੇ ਮੰਗੇ ਸਨ ਉਹ ਪੈਸੇ ਲੈਣ ਆਉਂਦੇ ਹਨ। ਉਹ ਮਿਹਨਤ ਤਾਂ ਕਰਦੀ ਹੈ ਪਰ ਇੰਨੇ ਪੈਸੇ ਨਹੀਂ ਹੁੰਦੇ ਕਿ ਕਰਜ਼ਾ ਵਾਪਸ ਕੀਤਾ ਜਾ ਸਕੇ। ਮਟਰਾਂ ਦੇ ਸੀਜ਼ਨ ਤੋਂ ਬਿਨਾਂ ਉਹ ਕਈਆਂ ਦੇ ਭਾਂਡੇ ਸਾਫ ਕਰਨ ਦਾ ਵੀ ਕੰਮ ਕਰਦੀ ਹੈ। ਨਸੀਬ ਕੌਰ ਨੇ ਦੱਸਿਆ ਕਿ ਉਹ ਪਿੰਡ ਵਿੱਚ ਹਰ ਕੰਮ ਕਰਨ ਲਈ ਤਿਆਰ ਹੈ ਪਰ ਮਿਹਨਤ ਮਜ਼ਦੂਰੀ ਨਾਲ ਅਤੇ ਅਣਖ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਉਸ ਨੂੰ ਇਹ ਵੀ ਚਿੰਤਾ ਹੈ ਕਿ ਵੱਡੇ ਬੇਟੇ ਦੀ ਜ਼ਿੰਦਗੀ ਕਿਵੇਂ ਚੱਲੇਗੀ। ਛੋਟਿਆਂ ਨੂੰ ਪਾਲਣ ਦੀ ਚਿੰਤਾ ਵੀ ਬਣੀ ਰਹਿੰਦੀ ਹੈ ਫਿਰ ਵੀ ਇਨ੍ਹਾਂ ਦੇ ਸਾਹਮਣੇ ਉਹ ਕਮਜ਼ੋਰ ਨਹੀਂ ਬਣਦੀ।

ਪਿੰਡ ਵਿੱਚ ਮਗਨਰੇਗਾ ਤਹਿਤ ਕੰਮ ਬਾਰੇ ਨਸੀਬ ਕੌਰ ਨੇ ਕਿਹਾ ਕਿ ਇੱਕ ਵਾਰ 10 ਤੋਂ 20 ਦਿਨ ਦਾ ਕੰਮ ਮਿਲਿਆ ਸੀ ਪਰ ਉਸ ਦੇ ਪੈਸੇ ਨਹੀਂ ਮਿਲੇ। ਉਹ ਦੱਸਦੀ ਹੈ ਕਿ ਜੇਕਰ ਪਿੰਡ ਵਿੱਚ ਅਜਿਹਾ ਕੰਮ ਮਿਲੇ ਤਾਂ ਮਟਰਾਂ ਦੇ ਸੀਜ਼ਨ ਤੋਂ ਬਾਕੀ ਦੇ ਦਿਨਾਂ ਵਿੱਚ ਉਨ੍ਹਾਂ ਦਾ ਗੁਜ਼ਾਰਾ ਹੋ ਸਕਦਾ ਹੈ। ਇਹ ਸਭ ਕੁੱਝ ਤਾਂ ਪੰਚਾਇਤਾਂ ਜਾਂ ਅਫਸਰਾਂ ਨੇ ਕਰਨਾ ਹੈ। ਉਹ ਦੱਸਦੀ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਉਸ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਕੰਮ ਮੰਗਣ ਲਈ ਕਿਸ ਨੂੰ ਅਰਜ਼ੀ ਦੇਣੀ ਹੈ ਤੇ ਨਾ ਹੀ ਉਸ ਨੂੰ ਕਿਸੇ ਨੇ ਮਗਨਰੇਗਾ ਬਾਰੇ ਦੱਸਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All