Nabha: ਨਾਭਾ: ਅਵਾਰਾ ਕੁੱਤਿਆਂ ਵੱਲੋਂ ਵੱਢੇ ਗਏ 13 ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਮਤਾ ਪਾਸ
ਨਵੀਂ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ ਅੱਧੇ ਤੋਂ ਵੱਧ ਕੌਂਸਲਰ ਰਹੇ ਗੈਰ ਹਾਜ਼ਰ
ਨਾਭਾ ਨਗਰ ਕੌਂਸਲ ਵਿਖੇ ਨਵੇਂ ਚੁਣੇ ਗਏ ਕੌਂਸਲਰਾਂ ਵੱਲੋਂ ਅੱਜ ਪਹਿਲੀ ਮੀਟਿੰਗ ਕੀਤੀ ਗਈ। ਕੌਂਸਲ ਪ੍ਰਧਾਨ ਜਗਦੀਪ ਸਿੰਘ ਖੰਨਾ ਬਾਰੇ ਅਜੇ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਰਕੇ, ਇਹ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ। ਹਾਲਾਂਕਿ, ਕੁੱਲ 23 ਕੌਂਸਲਰਾਂ ਵਿੱਚੋਂ ਪ੍ਰਧਾਨ ਜਗਦੀਪ ਖੰਨਾ ਸਮੇਤ 13 ਕੌਂਸਲਰ ਇਸ ਮੀਟਿੰਗ ਵਿੱਚ ਗੈਰ-ਹਾਜ਼ਰ (ਅੱਧੇ ਤੋਂ ਵੱਧ) ਰਹੇ, ਪਰ ਹਾਊਸ ਦਾ ਕੋਰਮ ਪੂਰਾ ਹੋਣ ਕਾਰਨ ਕਈ ਮਹੱਤਵਪੂਰਨ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ।
ਮੀਟਿੰਗ ਵਿੱਚ ਪਾਸ ਹੋਏ ਮੁੱਖ ਮਤੇ:
ਕੁੱਤਿਆਂ ਦੇ ਪੀੜਤਾਂ ਨੂੰ ਮੁਆਵਜ਼ਾ: ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਬੰਧਤ ਨੀਤੀ ਤਹਿਤ ਅਵਾਰਾ ਕੁੱਤਿਆਂ ਦੇ ਵੱਢੇ 13 ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਮਤਾ ਪਾਸ ਕੀਤਾ ਗਿਆ। ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਕੁੱਤੇ ਦੇ ਇੱਕ ਚੱਕ (ਦੰਦ) ਦਾ 10,000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। 13 ਪੀੜਤਾਂ ਵੱਲੋਂ ਮੰਗੇ ਗਏ ਇਸ ਮੁਆਵਜ਼ੇ ਨੂੰ ਹਾਊਸ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਹੈ।
ਸੜਕਾਂ ਦਾ ਪੁਨਰਨਿਰਮਾਣ: ਸੀਵਰੇਜ ਪਾਉਣ ਤੋਂ ਬਾਅਦ ਦੁਲੱਦੀ ਗੇਟ ਅਤੇ ਅਲੌਹਰਾਂ ਗੇਟ ਮਾਰਕੀਟ ਦੀ ਸੜਕ ਬਣਾਉਣ ਲਈ 96 ਲੱਖ ਰੁਪਏ ਦੇ ਖਰਚੇ ਦੇ ਅਨੁਮਾਨ ਵਾਲਾ ਮਤਾ ਪਾਸ ਕੀਤਾ ਗਿਆ। ਦੱਸਣਯੋਗ ਹੈ ਕਿ ਦੁਲੱਦੀ ਗੇਟ ਵਿਖੇ ਸੀਵਰੇਜ ਪਾਉਣ ਤੋਂ ਬਾਅਦ ਕਈ ਮਹੀਨੇ ਸੜਕ ਦਾ ਕੰਮ ਸ਼ੁਰੂ ਨਹੀਂ ਹੋਇਆ ਸੀ, ਜਿਸ ਕਾਰਨ ਅਲੌਹਰਾਂ ਗੇਟ ਮਾਰਕੀਟ ਦੇ ਲੋਕਾਂ ਨੇ ਸੀਵਰੇਜ ਦਾ ਕੰਮ ਰੁਕਵਾ ਕੇ ਲਗਾਤਾਰ ਵਿਰੋਧ ਕੀਤਾ ਸੀ। ਉਹ ਮੰਗ ਕਰ ਰਹੇ ਸਨ ਕਿ ਸੜਕ ਨਾਲ ਦੀ ਨਾਲ ਬਣਾਈ ਜਾਵੇ। ਪਿਛਲੀ ਮੀਟਿੰਗ ਵਿੱਚ ਦਿੱਤੇ ਭਰੋਸੇ ਮੁਤਾਬਕ ਪਹਿਲੀ ਹੀ ਮੀਟਿੰਗ ਵਿੱਚ ਇਹ ਮਤਾ ਪਾਸ ਕਰ ਦਿੱਤਾ ਗਿਆ ਹੈ।
