ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਮਾਰਚ
ਸਾਲ 2016 ਵਿੱਚ ਵਾਪਰੇ ਨਾਭਾ ਜੇਲ੍ਹ ਬਰੇਕ ਕਾਂਡ ਸਬੰਧੀ ਦਰਜ ਕੀਤੇ ਗਏ ਕੇਸ ਬਾਰੇ ਅੱਜ ਪਟਿਆਲਾ ਦੇ ਵਧੀਕ ਸੈਸ਼ਨਜ਼ ਜੱਜ ਐੱਚ.ਐੱਸ ਗਰੇਵਾਲ ਦੀ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ। ਅਦਾਲਤ ਨੇ ਇਸ ਕੇਸ ਵਿੱਚ 22 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦੋਂਕਿ ਛੇ ਜਣਿਆਂ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀ ਕਰਾਰ ਦਿੱਤੇ ਵਿਅਕਤੀਆਂ ਨੂੰ ਸਜ਼ਾ ਸੁਣਾਉਣ ਸਬੰਧੀ ਅਦਾਲਤ ਨੇ ਆਪਣਾ ਫੈਸਲਾ 23 ਮਾਰਚ ਤੱਕ ਰਾਖਵਾਂ ਰੱਖ ਲਿਆ ਹੈ।
ਚੇਤੇ ਰਹੇ ਕਿ 2016 ‘ਚ ਪਲਵਿੰਦਰ ਪਿੰਦਾ ਸਮੇਤ ਕਈ ਹੋਰ ਗੈਂਗਸਟਰਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਨਾਭਾ ਸਥਿਤ ਉੱਚ ਸਕਿਓਰਿਟੀ ਜੇਲ੍ਹ ‘ਤੇ ਹਮਲਾ ਕਰਦਿਆਂ ਦੋ ਗਰਮਖ਼ਿਆਲੀ ਆਗੂਆਂ ਅਤੇ ਚਾਰ ਗੈਂਗਸਟਰਾਂ ਨੂੰ ਛੁਡਾ ਲਿਆ ਸੀ। ਛੁਡਾਏ ਗਏ ਗਰਮਖ਼ਿਆਲੀ ਆਗੂਆਂ ਵਿਚ ਖਾਲਿਸਤਾਨ ਕਮਾਂਡੋ ਫੋਰਸ ਦੇ ਕਾਰਕੁਨ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰਾ ਸਿੰਘ ਗਲਵੱਟੀ ਸ਼ਾਮਲ ਸਨ ਜਦੋਂਕਿ ਗੈਂਗਸਟਰਾਂ ਵਿਚ ਵਿੱਕੀ ਗੌਂਡਰ ਤੇ ਗੁਰਪ੍ਰੀਤ ਸੇਖੋਂ ਤੇ ਉਨ੍ਹਾਂ ਦੇ ਸਾਥੀ ਸ਼ਾਮਲ ਸਨ। ਪੁਲੀਸ ਰਿਕਾਰਡ ਮੁਤਾਬਿਕ ਮਿੰਟੂ ਪਾਕਿਸਤਾਨ ‘ਚ ਰਹਿੰਦਾ ਰਿਹਾ ਸੀ ਜਿਸ ਨੂੰ ਥਾਈਲੈਂਡ ਤੋਂ ਕਾਬੂ ਕਰਕੇ ਪਟਿਆਲਾ ਲਿਆਂਦਾ ਗਿਆ ਸੀ। ਨਾਭਾ ਜੇਲ੍ਹ ਵਿਚੋਂ ਫਰਾਰ ਹੋਣ ਉਪਰੰਤ ਮਿੰਟੂ ਨੂੰ ਉਸੇ ਹੀ ਰਾਤ ਦਿੱਲੀ ਪੁਲੀਸ ਨੇ ਦਿੱਲੀ ਵਿੱਚੋਂ ਕਾਬੂ ਕਰ ਲਿਆ ਸੀ। ਕੁਝ ਸਾਲ ਬਾਅਦ ਉਸ ਦੀ ਪਟਿਆਲਾ ਜੇਲ੍ਹ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸੇ ਦੌਰਾਨ ਕਸ਼ਮੀਰਾ ਸਿੰਘ ਗਲਵੱਟੀ ਅਜੇ ਤੱਕ ਪੁਲੀਸ ਦੇ ਹੱਥ ਨਹੀਂ ਆਇਆ। ਉਧਰ, ਖਤਰਨਾਕ ਗੈਂਗਸਟਰ ਮੰਨੇ ਜਾਂਦੇ ਵਿੱਕੀ ਗੌਂਡਰ ਨੂੰ ਉਸ ਦੇ ਇਕ ਹੋਰ ਸਾਥੀ ਸਮੇਤ ਪਟਿਆਲਾ ਵਾਸੀ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ (ਹੁਣ ਡੀਐੱਸਪੀ) ਅਤੇ ਟੀਮ ਵੱਲੋਂ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਜੇਲ੍ਹ ਵਿਚੋਂ ਭੱਜੇ ਬਾਕੀ ਗੈਂਗਸਟਰਾਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ।
ਕੇਸਵਿੱਚ ਨਾਮਜ਼ਦ ਮੁਲਜ਼ਮਾਂ ਦੇ ਵੇਰਵੇ
ਦੋਸ਼ੀ ਕਰਾਰ ਦਿੱਤੇ ਵਿਅਕਤੀਆਂ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਭੀਮ ਸਿੰਘ, ਜਗਮੀਤ ਸਿੰਘ, ਪਲਵਿੰਦਰ ਸਿੰਘ ਪਿੰਦਾ, ਗੁਰਜੀਤ ਲਾਡਾ, ਗੁਰਪ੍ਰੀਤ ਸਿੰਘ ਮਾਂਗੇਵਾਲ, ਮਨਜੀਤ ਸਿੰਘ, ਮਨਜਿੰਦਰ ਸਿੰਘ, ਸੁਲੱਖਣ ਸਿੰਘ, ਗੁਰਪ੍ਰੀਤ ਸਿੰਘ, ਬੱਬੀ ਖੇੜਾ, ਬਿੱਕਰ ਸਿੰਘ, ਹਰਜੋਤ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਿਰਨਪਾਲ ਸਿੰਘ, ਸੁਖਚੈਨ ਸਿੰਘ, ਰਾਜਵਿੰਦਰ ਰਾਜੂ, ਗਿਆਨ ਸਿੰਘ, ਕੁਲਵਿੰਦਰ ਟਿੱਬਰੀ, ਸੁਨੀਲ ਕਾਲੜਾ, ਅਮਨਦੀਪ ਸਿੰਘ ਢਾਡੀਆਂ ਤੇ ਅਮਨ ਕੁਮਾਰ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਅਦਾਲਤ ਵੱਲੋਂ ਬਰੀ ਕੀਤੇ ਗਏ ਵਿਅਕਤੀਆਂ ਵਿੱਚ ਜਤਿੰਦਰ ਟੋਨੀ, ਮੁਹੰਮਦ ਆਸਿਮ, ਨਰੇਸ਼ ਨਾਰੰਗ, ਰਵਿੰਦਰ ਸਿੰਘ, ਵਿੱਕੀ ਸਹੋਤਾ, ਰਣਜੀਤ ਸਿੰਘ ਅਤੇ ਤੇਜਿੰਦਰ ਸ਼ਰਮਾ ਸ਼ਾਮਲ ਹਨ।