DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਲ ਬਦਲੀ ਖ਼ਿਲਾਫ਼ ਮੁਰਮੂ ਨੂੰ ਮਿਲੇ Bhagwant Mann

ਬਾਗ਼ੀ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ; Droupadi Murmu ਵੱਲੋਂ ਸੰਵਿਧਾਨਕ ਮਾਹਿਰਾਂ ਨਾਲ ਸਲਾਹ ਮਸ਼ਵਰੇ ਦਾ ਭਰੋਸਾ

  • fb
  • twitter
  • whatsapp
  • whatsapp
featured-img featured-img
ਮੁੱਖ ਮੰਤਰੀ ਭਗਵੰਤ ਮਾਨ ਨਵੀਂ ਦਿੱਲੀ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣ ਤੋਂ ਬਾਅਦ ਆਪ ਦੇ ਵਿਧਾਇਕਾਂ ਸਣੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ
Advertisement

ਦਲ ਬਦਲੀ ਦੀ ਲੜਾਈ ਰਾਸ਼ਟਰਪਤੀ ਭਵਨ ਪਹੁੰਚ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ‘ਆਪ’ ਵਿਧਾਇਕਾਂ ਨਾਲ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲੇ। ਉਨ੍ਹਾਂ ਬਾਗ਼ੀ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਵਾਲਾ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ, ਜਿਸ ’ਤੇ ਪੰਜਾਬ ਦੇ ‘ਆਪ’ ਵਿਧਾਇਕਾਂ ਦੇ ਦਸਤਖ਼ਤ ਸਨ। ਮੁੱਖ ਮੰਤਰੀ ਮੁਤਾਬਕ ਰਾਸ਼ਟਰਪਤੀ ਮੁਰਮੂ ਨੇ ਇਸ ਬਾਰੇ ਸੰਵਿਧਾਨਿਕ ਮਾਹਿਰਾਂ ਨਾਲ ਮਸ਼ਵਰਾ ਕਰਨ ਦਾ ਭਰੋਸਾ ਦਿੱਤਾ ਹੈ; ਹਾਲਾਂਕਿ ਇਸ ਤਜਵੀਜ਼ਤ ਮਿਲਣੀ ਤੋਂ ਐਨ ਪਹਿਲਾਂ ਚਾਰ ਨਵੇਂ ਭਾਜਪਾ ਸੰਸਦ ਮੈਂਬਰਾਂ ਨੇ ਰਾਘਵ ਚੱਢਾ ਦੀ ਅਗਵਾਈ ਹੇਠ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸਨਮੁੱਖ ਪੰਜਾਬ ਦੀ ‘ਆਪ’ ਸਰਕਾਰ ਦੀ ਬਦਲਾਖ਼ੋਰੀ ਦਾ ਮੁੱਦਾ ਰੱਖਿਆ।

ਮੁੱਖ ਮੰਤਰੀ ਮਾਨ ਨੇ ਚਾਰ ਸੂਬਿਆਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਰਾਸ਼ਟਰਪਤੀ ਤੋਂ ਮਿਲਣ ਲਈ ਸਮਾਂ ਲੈ ਲਿਆ ਸੀ ਪਰ ਪੱਛਮੀ ਬੰਗਾਲ, ਅਸਾਮ ਤੇ ਪੁੱਡੂਚੇਰੀ ’ਚ ਭਾਜਪਾ ਦੀ ਜਿੱਤ ਮਗਰੋਂ ‘ਆਪ’ ਤੇ ਭਗਵਾਂ ਪਾਰਟੀ ਵਿਚਾਲੇ ਟਕਰਾਅ ਦਾ ਨਵਾਂ ਮੁੱਢ ਬੱਝ ਗਿਆ ਹੈ। ਬੰਗਾਲ ਦੀ ਜਿੱਤ ਤੋਂ ਬਾਗ਼ੋ-ਬਾਗ਼ ਭਾਜਪਾਈ ਅਗਲਾ ਨਿਸ਼ਾਨਾ ਪੰਜਾਬ ਨੂੰ ਦੱਸ ਰਹੇ ਹਨ।

Advertisement

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨੂੰ ਮੰਗ ਪੱਤਰ ਵਿੱਚ ਰੱਖੇ ਪੱਖਾਂ ਬਾਰੇ ਖੁ਼ਦ ਜਾਣਕਾਰੀ ਦਿੱਤੀ। ਉਨ੍ਹਾਂ ਸੱਤ ਸੰਸਦ ਮੈਂਬਰਾਂ ਦੀ ਦਲ ਬਦਲੀ ਨੂੰ ਗ਼ੈਰ-ਸੰਵਿਧਾਨਿਕ ਦੱਸਦਿਆਂ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਕਿਉਂਕਿ ਇਸ ਸਬੰਧੀ ਜਾਂ ਤਾਂ ਪੂਰੀ ਪਾਰਟੀ ਨੂੰ ਮਤਾ ਪਾਸ ਕਰਨਾ ਚਾਹੀਦਾ ਸੀ ਪਰ ਸਿਰਫ਼ ਰਾਜ ਸਭਾ ਦੇ ਸੱਤ ਸੰਸਦ ਮੈਂਬਰਾਂ ਨੇ ਹੀ ਵਫ਼ਾਦਾਰੀ ਬਦਲੀ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਪੰਜਾਬ ’ਚ ਦੋ ਵਿਧਾਇਕ ਹਨ ਪਰ ਰਾਜ ਸਭਾ ਮੈਂਬਰ ਛੇ ਹਨ ਜੋ ਲੋਕ ਰਾਜ ਨਾਲ ਮਜ਼ਾਕ ਹੈ।

Advertisement

ਮੁੱਖ ਮੰਤਰੀ ਨੇ ਰਾਘਵ ਚੱਢਾ ਦੇ ਅਗਾਊਂ ਬਿਆਨਾਂ ਦੇ ਹਵਾਲੇ ਨਾਲ ਕਿਹਾ ਕਿ ਸੰਵਿਧਾਨ ’ਚ ਸੋਧ ਕਰ ਕੇ ਸੰਸਦ ਮੈਂਬਰਾਂ ਨੂੰ ਵਾਪਸ ਬੁਲਾਉਣ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਨੇ ਇਸ ਬਾਰੇ ਸੰਵਿਧਾਨਿਕ ਮਾਹਿਰਾਂ ਨਾਲ ਮਸ਼ਵਰਾ ਕਰਨ ਦਾ ਭਰੋਸਾ ਦਿੱਤਾ ਹੈ। ‘ਆਪ’ ਵਿਧਾਇਕਾਂ ਨੇ ਬਾਗ਼ੀ ਸੰਸਦ ਮੈਂਬਰਾਂ ਖ਼ਿਲਾਫ਼ ਹੱਥਾਂ ’ਚ ਤਖ਼ਤੀਆਂ ਫੜੀਆਂ ਹੋਈਆਂ ਸਨ। ਮੁੱਖ ਮੰਤਰੀ ਨੇ ਬਾਗ਼ੀ ਸੰਸਦ ਮੈਂਬਰਾਂ ਨੂੰ ਗ਼ੱਦਾਰ ਕਰਾਰ ਦਿੰਦਿਆਂ ਦਲ ਬਦਲੀ ਦੇ ਐਕਸ਼ਨ ਨੂੰ ਪੰਜਾਬ ਨਾਲ ਵਿਸ਼ਵਾਸਘਾਤ ਦੱਸਿਆ। ਉਨ੍ਹਾਂ ਚੁਣੌਤੀ ਦਿੱਤੀ ਕਿ ਇਹ ਸੰਸਦ ਮੈਂਬਰ ਅਸਤੀਫ਼ੇ ਦੇ ਕੇ ਨਵੇਂ ਸਿਰਿਓਂ ਫ਼ਤਵਾ ਲੈਣ। ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕ ਫ਼ਤਵੇ ਦੀ ਰਾਖੀ ਅਤੇ ਸੰਵਿਧਾਨਿਕ ਕਦਰਾਂ ਕੀਮਤਾਂ ਕਾਇਮ ਰੱਖਣ ਲਈ ਆਖ਼ਰੀ ਸਾਹ ਤੱਕ ਲੜਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਪੰਜਾਬ ਜਿੱਤਣ ਦੇ ਸੁਫਨੇ ਨੂੰ ਪੰਜਾਬੀ ਪੂਰਾ ਨਹੀਂ ਹੋਣ ਦੇਣਗੇ ਅਤੇ ਭਾਜਪਾ ਨੂੰ ਸਬਕ ਸਿਖਾਉਣਗੇ। ਕਦੇ ਕੇਂਦਰ ਨੇ ਪੰਜਾਬ ਦੇ ਫ਼ੰਡ ਰੋਕੇ ਅਤੇ ਕਦੇ ਭਾਖੜਾ ਡੈਮ ਸਮੇਤ ਹੋਰਨਾਂ ਹੱਕਾਂ ਤੋਂ ਵਾਂਝਾ ਕਰਨ ਦੀ ਚਾਲ ਚੱਲੀ ਜਿਸ ਕਰ ਕੇ ਭਾਜਪਾ ਨੂੰ ਪੰਜਾਬ ਦੀ ਸੱਤਾ ਸੰਭਾਲਣ ਲਈ ਹਵਾਈ ਕਿਲੇ ਉਸਾਰਨੇ ਬੰਦ ਕਰਨੇ ਚਾਹੀਦੇ ਹਨ। ਪੰਜਾਬ ’ਚ ਭਾਜਪਾ ਦੇ ਦੋ ਵਿਧਾਇਕ ਹਨ ਅਤੇ ਅਗਲੀਆਂ ਚੋਣਾਂ ’ਚ ਗਿਣਤੀ ਜ਼ੀਰੋ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਈ ਟਰੱਕ ਨਹੀਂ ਜਿਸ ਨੂੰ ਕੋਈ ਵੀ ਵਾਰੋ ਵਾਰੀ ਚਲਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ’ਚ ਅਪਰੇਸ਼ਨ ਲੋਟਸ ਵਰਗੀ ਕੋਈ ਵੀ ਕੋਸ਼ਿਸ਼ ਕਦੇ ਸਫਲ ਨਹੀਂ ਹੋਵੇਗੀ।

Advertisement
×