ਪੱਤਰ ਪ੍ਰੇਰਕ
ਸਮਰਾਲਾ, 27 ਅਕਤੂਬਰ
ਪਿੰਡ ਲੱਲ ਕਲਾਂ ਵਿੱਚ ਨਾਬਾਲਗ ਪੋਤੇ ਨੇ ਆਪਣੇ ਦਾਦਾ ਅਤੇ ਦਾਦੀ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਘਰੇਲੂ ਝਗੜੇ ਕਾਰਨ ਵਾਪਰੀ। ਜਾਣਕਾਰੀ ਅਨੁਸਾਰ ਅੱਜ ਸ਼ਾਮ ਪਿੰਡ ਲੱਲ ਕਲਾਂ ਦੀ ਇੱਕ ਕਲੋਨੀ ਵਿੱਚ ਮੁਲਜ਼ਮ ਮਨਪ੍ਰੀਤ ਸਿੰਘ (17) ਨੇ ਆਪਣੇ ਘਰ ਵਿੱਚ ਗੇੜਾ ਮਾਰਨ ਆਏ ਦਾਦਾ ਦਰਸ਼ਨ ਸਿੰਘ (72) ਤੇ ਦਾਦੀ ਸੁਰਿੰਦਰ ਕੌਰ (70) ਨੂੰ ਕੁਹਾੜੀ ਨਾਲ ਅਨੇਕਾਂ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਵੇਲੇ ਇਨ੍ਹਾਂ ਬਜ਼ੁਰਗਾਂ ਦੀ ਕੁਰਲਾਹਟ ਸੁਣ ਕੇ ਕੋਈ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਿਆ ਕਿਉਂਕਿ ਮੁਲਜ਼ਮ ਕਥਿਤ ਤੌਰ ’ਤੇ ਧਮਕੀਆਂ ਦੇ ਰਿਹਾ ਸੀ। ਘਰੇਲੂ ਕਲੇਸ਼ ਕਾਰਨ ਦੋਵੇਂ ਬਜ਼ੁਰਗ ਕਿਸੇ ਹੋਰ ਥਾਂ ਰਹਿਣ ਲੱਗ ਪਏ ਸਨ ਅਤੇ ਮਨਪ੍ਰੀਤ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਇਸ ਛੋਟੇ ਜਿਹੇ ਮਕਾਨ ਵਿੱਚੋਂ ਉਨ੍ਹਾਂ ਦੇ ਹਿੱਸੇ ਆਉਂਦਾ ਇੱਕ ਛੋਟਾ ਜਿਹਾ ਕਮਰਾ ਵੀ ਨਹੀਂ ਦਿੱਤਾ ਜਾ ਰਿਹਾ। ਉੱਪ ਪੁਲੀਸ ਕਪਤਾਨ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਇਹ ਧਾਰਾ 302 ਦਾ ਜੁਰਮ ਬਣਦਾ ਹੈ।