ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 20 ਅਗਸਤ
ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਵਾਅਦਾ ਮੁਆਫ਼ ਗਵਾਹ ਬਣੇ ਯੂਟੀ ਪੁਲੀਸ ਦੇ ਦੋ ਸਾਬਕਾ ਇੰਸਪੈਕਟਰਾਂ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਦੇ ਅੱਜ ਬਿਆਨ ਦਰਜ ਕੀਤੇ ਗਏ। ਇਹ ਸਾਰੀ ਕਾਰਵਾਈ ਮੁਹਾਲੀ ਦੀ ਜੁਡੀਸ਼ਲ ਤੇ ਡਿਊਟੀ ਮੈਜਿਸਟਰੇਟ ਰਸਵੀਨ ਕੌਰ ਦੀ ਅਦਾਲਤ ਵਿੱਚ ਹੋਈ ਜਿੱਥੇ ਜੱਜ ਦੇ ਸਾਹਮਣੇ ਦੋਵੇਂ ਸਾਬਕਾ ਅਧਿਕਾਰੀਆਂ ਨੇ ਸੀਆਰਪੀਸੀ ਦੀ ਧਾਰਾ 164 ਤਹਿਤ ਬਿਆਨ ਦਰਜ ਕਰਵਾਏ। ਪਤਾ ਲੱਗਾ ਹੈ ਕਿ ਬਿਆਨ ਦਰਜ ਕਰਨ ਤੋਂ ਸਾਬਕਾ ਪੁਲੀਸ ਅਫ਼ਸਰਾਂ ਨੇ ਅਦਾਲਤ ਨੂੰ ਸਪੱਸ਼ਟ ਕੀਤਾ ਕਿ ਉਹ ਆਪਣੀ ਮਰਜ਼ੀ ਨਾਲ ਹੀ ਬਿਆਨ ਦੇ ਰਹੇ ਹਨ। ਉਂਜ ਵੀ ਦੋਵੇਂ ਅਧਿਕਾਰੀ ਪਹਿਲਾਂ ਹੀ ਧਾਰਾ 306 ਤਹਿਤ ਲਿਖਤੀ ਰੂਪ ਵਿੱਚ ਆਪਣੇ ਬਿਆਨਾਂ ਦਾ ਨਮੂਨਾ ਦੇ ਚੁੱਕੇ ਹਨ। ਉੱਧਰ ਵਾਅਦਾ ਮੁਆਫ਼ ਗਵਾਹਾਂ ਦੇ ਬਿਆਨਾਂ ’ਤੇ ਹੁਣ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਬਾਕੀ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਦੇ ਜੁਰਮ ਦਾ ਵਾਧਾ ਕੀਤਾ ਜਾ ਸਕਦਾ ਹੈ। ਇਸ ਸਬੰਧੀ ਅਦਾਲਤ ਨੇ ਸੈਣੀ ਤੇ ਹੋਰਨਾਂ ਖ਼ਿਲਾਫ਼ ਧਾਰਾ 302 ਦਾ ਵਾਧਾ ਕਰਨ ਜਾਂ ਨਾ ਕਰਨ ਬਾਰੇ ਆਪਣਾ ਫੈਸਲਾ ਭਲਕੇ 21 ਅਗਸਤ ਤੱਕ ਰਾਖਵਾਂ ਰੱਖ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਸਮੇਂ ਸੁਮੇਧ ਸੈਣੀ ਦੇ ਖਾਸ ਰਹੇ ਇਨ੍ਹਾਂ ਸਾਬਕਾ ਅਫ਼ਸਰਾਂ ਨੇ ਆਪਣੇ ਬਿਆਨਾਂ ਵਿੱਚ ਪੂਰੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਹੈ। ਉੱਧਰ, ਸਰਕਾਰੀ, ਪੀੜਤ ਪਰਿਵਾਰ ਅਤੇ ਬਚਾਅ ਪੱਖ ਵਕੀਲ ਅਦਾਲਤ ਦੇ ਹੁਕਮਾਂ ਦੀ ਕਾਪੀ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।