ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 13 ਸਤੰਬਰ
ਪੰਜਾਬ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਗ੍ਰਿਫ਼ਤਾਰ ਵਾਰੰਟ ਜਾਰੀ ਹੋਣ ਤੋਂ ਬਾਅਦ ਮੁਹਾਲੀ ਪੁਲੀਸ ਨੇ ਉਸ ਦੀ ਭਾਲ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਹਾਲੇ ਤੱਕ ਪੁਲੀਸ ਨੂੰ ਸੈਣੀ ਦੀ ਮੌਜੂਦਗੀ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਸੈਣੀ ’ਤੇ ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ ਹਨ। ਪਿੱਛੇ ਜਿਹੇ ਉਸ ਦੇ ਖ਼ਿਲਾਫ਼ ਧਾਰਾ 302 ਦੇ ਜੁਰਮ ਦਾ ਵਾਧਾ ਵੀ ਕੀਤਾ ਗਿਆ ਹੈ।
ਉਧਰ, ਮੁਹਾਲੀ ਪੁਲੀਸ ਨੇ ਐਤਵਾਰ ਨੂੰ ਸੁਮੇਧ ਸੈਣੀ ਦੀ ਸੁਰੱਖਿਆ ਵਿੱਚ ਤਾਇਨਾਤ ਇੰਸਪੈਕਟਰ, ਸਬ ਇੰਸਪੈਕਟਰ, ਏਐਸਆਈ, ਹੌਲਦਾਰ ਅਤੇ ਸਿਪਾਹੀ ਰੈਂਕ ਦੇ 26 ਪੁਲੀਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਹ ਸਾਰੇ ਪੁਲੀਸ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਸੈਣੀ ਨਾਲ ਤਾਇਨਾਤ ਹਨ ਜਿਨ੍ਹਾਂ ਵਿੱਚ ਸੈਣੀ ਦੀ ਸੁਰੱਖਿਆ ਛੱਤਰੀ ਦਾ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਅਤੇ ਗੱਡੀ ਦਾ ਡਰਾਈਵਰ ਹੌਲਦਾਰ ਸੁਖਬੀਰ ਸਿੰਘ ਵੀ ਸ਼ਾਮਲ ਹਨ।